ਭਾਰਤ ਸਰਕਾਰ ਦੀ ‘ਨੈਸ਼ਨਲ ਕਮੇਟੀ ਫ਼ਾਰ ਸੋਸ਼ਲ ਐਂਡ ਇਕਨੌਮਿਕ ਵੈੱਲਫ਼ੇਅਰ’ ਦੇ ਮੈਂਬਰ ਅਮਰਜੀਤ ਸਿੰਘ ਚੀਮਾ ਨੇ ਪੰਜਾਬ ’ਚ ਪਾਣੀ ਦੀ ਘਟਦੀ ਜਾ ਰਹੀ ਉਪਲਬਧਤਾ ’ਤੇ ਚਿੰਤਾ ਪ੍ਰਗਟਾਈ ਹੈ। ਕਾਂਗਰਸੀ ਨੇਤਾ ਨੇ ਕਿਹਾ ਕਿ ਸਤਲੁਜ-ਯਮੁਨਾ ਨਹਿਰ ਦਾ ਮਸਲਾ ਲੰਮੇ ਸਮੇਂ ਤੋਂ ਪੰਜਾਬ ਲਈ ਵੱਡਾ ਮੁੱਦਾ ਰਿਹਾ ਹੈ। ਉਸ ਵਿੱਚ ਰਾਵੀ ਤੇ ਬਿਆਸ ਦਾ ਵਾਧੂ ਪਾਣੀ ਭੇਜਣ ਦੀ ਤਜਵੀਜ਼ ਵੀ ਸੀ। ਕਦੇ ਇਨ੍ਹਾਂ ਦੋਵੇਂ ਦਰਿਆਵਾਂ ’ਚ ਪਾਣੀ ਦਾ ਵਹਾਅ 17-18 ਮਿਲੀਅਨ ਏਕੜ ਫ਼ੁੱਟ ਗਿਣਿਆ ਜਾਂਦਾ ਸੀ; ਅੱਜ ਹਾਲਾਤ ਇਹ ਹਨ ਕਿ ਫ਼ਰਵਰੀ ਦੇ ਮਹੀਨੇ ਸਤਲੁਜ ’ਚ ਪਾਣੀ ਦਾ ਪ੍ਰਵਾਹ ਨਾਮਾਤਰ ਇੱਕ ਨਾਲ਼ੇ ਜਿੰਨਾ ਰਹਿ ਗਿਆ ਹੈ, ਜਦ ਕਿ ਕਿਸੇ ਵੇਲੇ ਇਹ 14 ਮਿਲੀਅਨ ਏਕੜ ਫ਼ੁੱਟ ਹੁੰਦਾ ਸੀ। ਇਨ੍ਹਾਂ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਕਿਵੇਂ ਸਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ 16 ਲੱਖ ਹੈਕਟੇਅਰ ਰਕਬੇ ’ਚ ਸਿੰਜਾਈ ਨਹਿਰੀ ਪਾਣੀ ਨਾਲ ਹੁੰਦੀ ਸੀ, ਜੋ ਹੁਣ ਘਟ ਕੇ 11 ਲੱਖ ਹੈਕਟੇਅਰ ਰਹਿ ਗਈ ਹੈ। ਇਹ ਚਿੰਤਾਜਨਕ ਮਸਲਾ ਹੈ ਕਿਉਂਕਿ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਪਾਲਣ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨੀ ਪੈ ਰਹੀ ਹੈ, ਜਿਸ ਦਾ ਪੱਧਰ ਪਹਿਲਾਂ ਹੀ ਘਟਦਾ ਜਾ ਰਿਹਾ ਹੈ। ਕਿਸਾਨਾਂ ਨੂੰ ਮਜਬੂਰਨ ਬਿਜਲੀ ਨਾਲ ਚੱਲਣ ਵਾਲੇ ਪੰਪਾਂ ਦੀ ਵਰਤੋਂ ਕਰ ਕੇ ਆਪਣੀਆਂ ਫ਼ਸਲਾਂ ਨੂੰ ਪਾਣੀ ਦੇਣਾ ਪੈਂਦਾ ਹੈ ਕਿਉਂਕਿ ਨਹਿਰੀ ਪਾਣੀ ਦਾ ਵੇਗ ਘੱਟ ਹੋਣ ਕਾਰਣ ਉਹ ਟੇਲਾਂ ਤੱਕ ਪੁੱਜਦਾ ਹੀ ਨਹੀਂ। ਇਸੇ ਸਮੱਸਿਆ ਕਾਰਣ ਰਾਜ ’ਚ ਸਾਢੇ 14 ਲੱਖ ਪੰਪ ਲੱਗ ਗਏ ਹਨ। ਇਨ੍ਹਾਂ ਪੰਪਾਂ ਸਦਕਾ ਹੀ ਪੀਣ ਵਾਲੇ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹੇ ਹਾਲਾਤ ਥੋੜ੍ਹਾ ਸਮਾਂ ਹੋਰ ਜਾਰੀ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬਾਰੇ ਕੀ ਸੋਚਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਦੋ ਤੋਂ ਛੇ ਫ਼ੁੱਟ ਤੱਕ ਘਟਦਾ ਜਾ ਰਿਹਾ ਹੈ। ਅਜਿਹੇ ਹਾਲਾਤ ’ਚ ਪੰਜਾਬ ਵਿੱਚ ਪਾਣੀ ਦੀ ਉਪਲਬਧਤਾ ਦਾ ਤਾਜ਼ਾ ਮੁਲੰਕਣ ਕੀਤਾ ਜਾਣਾ ਡਾਢਾ ਜ਼ਰੂਰੀ ਹੈ।
ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੁਣ ਅਨਾਜ ਭੰਡਾਰ ਦੇ ਜਿਹੜੇ ਅਗਾਊਂ ਅਨੁਮਾਨ ਜਾਰੀ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਐਤਕੀਂ ਦੇਸ਼ ’ਚ 70 ਲੱਖ ਟਨ ਵਧੇਰੇ ਅਨਾਜ ਦਾ ਭੰਡਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉੜਦ, ਮੂੰਗੀ, ਤੂਅਰ ਜਿਹੀਆਂ ਰਵਾਇਤੀ ਦਾਲ਼ਾਂ ਦਾ ਉਤਪਾਦਨ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ ਸਿਰਫ਼ ਕਣਕ ਤੇ ਝੋਨੇ ਦੀ ਫ਼ਸਲ ਦੇ ਅਨੁਮਾਨਾਂ ’ਤੇ ਹੀ ਧਿਆਨ ਕੇਂਦਰਤ ਕਰਦੀ ਹੈ ਤੇ ਸਿਰਫ਼ ਉਨ੍ਹਾਂ ਬਾਰੇ ਹੀ ਪ੍ਰਚਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਪਹੁੰਚ ਵਾਲਾ ਅਨਾਜ ਐਤਕੀਂ ਸਰਕਾਰੀ ਅਨੁਮਾਨਾਂ ਨਾਲੋਂ ਕਿਤੇ ਘੱਟ ਹੋਣ ਦੇ ਆਸਾਰ ਹਨ। ਜੇ ਕਿਤੇ ਅਜਿਹਾ ਹੋ ਗਿਆ ਤਾਂ ਵਿਦੇਸ਼ਾਂ ਤੋਂ ਅਨਾਜ ਮੰਗਵਾਏ ਜਾਣਗੇ। ‘ਇਸ ਵੇਲੇ ਦੇਸ਼ ’ਚ ਅਨਾਜ ਦੇ 20 ਲੱਖ ਟਨ ਭੰਡਾਰ ਮੌਜੂਦ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਸਲ ’ਚ ਇਹ 14 ਲੱਖ ਟਨ ਵੀ ਨਹੀਂ ਹਨ ਅਤੇ ਜਿਸ ਹਿਸਾਬ ਨਾਲ ਹੁਣ ਗਰਮੀ ਪੈ ਰਹੀ ਹੈ, ਇਸ ਵਰ੍ਹੇ ਕਣਕ ਦਾ ਝਾੜ ਕਾਫ਼ੀ ਹੱਦ ਤੱਕ ਘਟ ਜਾਵੇਗਾ ਅਤੇ ਕੁੱਲ ਉਤਪਾਦਨ ਵਿੱਚ ਘੱਟੋ-ਘੱਟ 7 ਲੱਖ ਟਨ ਦੀ ਕਮੀ ਹੋ ਸਕਦੀ ਹੈ।’
3500 ਲੀਟਰ ਪਾਣੀ ’ਚ ਪੈਂਦੇ ਨੇ ਕਿੱਲੋ ਚੌਲ਼
‘ਪੰਜਾਬ ਸਟੇਟ ਡਰੱਗ ਡੀ-ਐਡਿਕਸ਼ਨ ਬੋਰਡ’ ਦੇ ਮੈਂਬਰ ਅਮਰਜੀਤ ਸਿੰਘ ਚੀਮਾ ਨੇ ਕਿਹਾ ਕਿ ਇੱਕ ਕਿਲੋਗ੍ਰਾਮ ਚੌਲ਼ ਉਗਾਉਣ ਲਈ 3,500 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਅਪਰਬਾਰੀ ਬਿਸਤ ਦੁਆਬ ਨਹਿਰ ਅੰਗਰੇਜ਼ ਹਾਕਮਾਂ (ਦੋ ਭਰਾਵਾਂ) ਨੇ 1860 ’ਚ ਬਣਾਈ ਸੀ। ਇਸੇ ਨਹਿਰ ਸਦਕਾ ਮਾਝੇ ’ਚ ਫ਼ਸਲਾਂ ਦੀ ਸਿੰਜਾਈ ਲਈ ਲੋੜੀਂਦਾ ਪਾਣੀ ਉਪਲਬਧ ਹੋਇਆ ਸੀ। ਉਨ੍ਹਾਂ ਕਿਹਾ ਕਿ ਪਾਣੀ ਦੀ ਉਪਲਬਧਤਾ ਵਿੱਚ ਕਮੀ ’ਤੇ ਹੁਣ ਸਰਕਾਰਾਂ ਨੂੰ ਗ਼ੌਰ ਕਰਨ ਦੀ ਲੋੜ ਹੈ। ਹੁਣ ਜੇ ਕਿਤੇ ਅਗਲੀ ਜੰਗ ਹੋਈ, ਤਾਂ ਉਹ ਪਾਣੀ ਦੇ ਸਰੋਤ ਲੈਣ ਲਈ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h