ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਸੋਮਵਾਰ ਦੇਰ ਰਾਤ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ। ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
ਲੋਕਾਂ ਨੇ ਸੁਹਾਵਣੇ ਮੌਸਮ ਵਿੱਚ ਪਾਰਕ ਆਦਿ ਵਿੱਚ ਜਾ ਕੇ ਸਵੇਰ ਦੀ ਸੈਰ ਅਤੇ ਕਸਰਤ ਵੀ ਕੀਤੀ। ਦੱਸ ਦੇਈਏ ਕਿ ਬੀਤੇ ਦਿਨੀਂ ਸੂਰਜ ਦੇਵਤਾ ਨੇ ਸਖ਼ਤ ਰੁਖ਼ ਦਿਖਾਉਂਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਰੱਖਿਆ।
ਮੀਂਹ ਦੇ ਪੈਣ ਨਾਲ ਫਸਲਾਂ ਦੇ ਲਈ ਲੋੜੀਂਦੇ ਪਾਣੀ ਦੀ ਪੂਰਤੀ ਹੋਵੇਗੀਅਤੇ ਇਸਦੇ ਨਾਲ ਬਿਜਲੀ ਅਤੇ ਡੀਜ਼ਲ ਦੀ ਵੀ ਬਚਤ ਹੋਵੇਗੀ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕੁਦਰਤੀ ਪਾਣੀ ਕਾਰਨ ਫਸਲ ਦੀ ਪੈਦਾਵਾਰ ਚੰਗੀ ਅਤੇ ਕੁਆਲਿਟੀ ਵਜੋਂ ਵੀ ਬਹੁਤ ਵਧੀਆ ਹੁੰਦੀ ਹੈ .
ਪੰਜਾਬ ‘ਚ ਮੰਗਲਵਾਰ ਨੂੰ ਵੀ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਕਈ ਜ਼ਿਲ੍ਹਿਆਂ ‘ਚ ਬੱਦਲ ਛਾਏ ਹੋਏ ਹਨ। ਅਗਲੇ ਇਕ ਹਫਤੇ ਤਕ ਮੌਸਮ ਸੁਹਾਵਨਾ ਰਹੇਗਾ। ਜ਼ਿਕਰਯੋਗ ਹੈ ਕਿ ਮੌਨਸੂਨ ਦੇ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਲੁਧਿਆਣਾ, ਚੰਡੀਗੜ੍ਹ ਤੇ ਬਠਿੰਡਾ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ‘ਚ ਲੁਧਿਆਣਾ ‘ਚ 77 ਐਮਐਮ ਮੀਂਹ ਪਿਆ।
ਪੰਜਾਬ ਵਿੱਚ ਬੁੱਧਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਅੰਮ੍ਰਿਤਸਰ ਸਮੇਤ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੱਦਲਵਾਈ ਰਹਿ ਸਕਦੀ ਹੈ ਅਤੇ ਦਰਮਿਆਨੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦਾ ਪ੍ਰਭਾਵ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਜ਼ਿਆਦਾ ਪਵੇਗਾ।
ਮੌਸਮ ਵਿਗਿਆਨੀਆਂ ਮੁਤਾਬਕ ਮੌਨਸੂਨ ਸਮੇਂ ‘ਤੇ ਆਇਆ ਹੈ। ਇਸ ਦੇ ਚੱਲਦਿਆਂ ਚੰਗੇ ਮੀਂਹ ਦੇ ਉਮੀਦ ਹੈ। ਜੂਨ ‘ਚ ਆਮ ਤੋਂ ਘੱਟ ਬਾਰਿਸ਼ ਹੋਈ ਹੈ। ਜੂਨ ‘ਚ ਨਾਰਮਲ ਤੌਰ ‘ਤੇ 82.8 ਐਮਐਮ ਮੀਂਹ ਪੈਂਦਾ ਹੈ ਪਰ ਇਸ ਵਾਰ 70.6 ਐਮਐਮ ਮੀਂਹ ਪਿਆ ਹੈ। ਪਿਛਲੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਮੋਹਾਲੀ ਤੇ ਚੰਡੀਗੜ੍ਹ ਦੀਆਂ ਸੜਕਾਂ ਪਾਣੀ ‘ਚ ਡੁੱਬ ਗਈਆਂ ਸੀ। ਜਿਸ ਕਾਰਨ ਲੋਕਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਹੁਣ ਜਿੱਥੇ ਮੀਂਹ ਪੈਣ ਨਾਲ ਗਰਮੀ ਦੀ ਕਹਿਰ ਨੂੰ ਠੰਡਾ ਕਰ ਦਿੱਤਾ ਹੈ, ਉੱਥੇ ਹੀ ਗਰਮੀ ਨੇ ਸ਼ਾਮ ਨੂੰ ਘਰਾਂ ਅਤੇ ਦਫ਼ਤਰਾਂ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਰਾਹਤ ਦਿੱਤੀ ਹੈ। ਅੱਜ ਸਵੇਰੇ 11 ਵਜੇ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਹੋਏ ਸਨ। ਰਾਤ 12 ਵਜੇ ਬਾਰਿਸ਼ ਸ਼ੁਰੂ ਹੋ ਗਈ ਅਤੇ ਕੁਝ ਦੇਰ ਬਾਅਦ ਮੌਸਮ ਸੁਹਾਵਣਾ ਹੋ ਗਿਆ।
ਲੁਧਿਆਣਾ ਸ਼ਹਿਰ ਵਿੱਚ ਹਵਾ ਦੀ ਰਫ਼ਤਾਰ ਵੀ 32 ਤੋਂ 42 ਕਿਲੋਮੀਟਰ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸ਼ਾਮ ਕਰੀਬ 6 ਵਜੇ ਨਮੀ ਵਧੇਗੀ। ਅੱਜ ਅੰਮ੍ਰਿਤਸਰ ਦਾ ਤਾਪਮਾਨ 34 ਡਿਗਰੀ, ਜਲੰਧਰ ਦਾ 33 ਡਿਗਰੀ ਹੈ, ਪਰ ਜਿਵੇਂ-ਜਿਵੇਂ ਦਿਨ ਚੜ੍ਹੇਗਾ, ਤਾਪਮਾਨ 34 ਡਿਗਰੀ ਤੱਕ ਚਲਾ ਜਾਵੇਗਾ।
ਪਟਿਆਲਾ ਦਾ ਤਾਪਮਾਨ 34 ਡਿਗਰੀ, ਮੋਗਾ 33 ਡਿਗਰੀ, ਬਠਿੰਡਾ 35 ਡਿਗਰੀ, ਫ਼ਿਰੋਜ਼ਪੁਰ 35 ਡਿਗਰੀ, ਫ਼ਾਜ਼ਿਲਕਾ 36 ਡਿਗਰੀ ਰਹੇਗਾ।