Weather Alert for Haryana and Punjab: ਉੱਤਰੀ ਭਾਰਤ ਦੇ ਸੂਬਿਆਂ ‘ਚ ਹਲਕੀ ਬਾਰਿਸ਼, ਬੂੰਦਾਬਾਂਦੀ ਤੇ ਗੜੇਮਾਰੀ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਪੈਟਰਨ ਬਦਲ ਗਿਆ ਹੈ। ਮੌਸਮ ਵਿਭਾਗ ਮੁਤਾਬਕ 23 ਮਾਰਚ ਤੋਂ ਉੱਤਰ ਪੱਛਮੀ ਭਾਰਤ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਨਾਲ ਹੀ ਕਈ ਥਾਵਾਂ ‘ਤੇ ਗੜੇਮਾਰੀ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਦਾ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਆਈਐਮਡੀ ਦੇ ਅਨੁਸਾਰ, ਅੱਜ ਯਾਨੀ 23 ਮਾਰਚ ਅਤੇ 24 ਮਾਰਚ ਨੂੰ ਉੱਤਰੀ ਭਾਰਤ ਦੇ ਰਾਜਾਂ ਵਿੱਚ ਗਰਜ ਦੇ ਨਾਲ ਮੀਂਹ ਪਵੇਗਾ, ਜਦੋਂ ਕਿ ਕੁਝ ਥਾਵਾਂ ‘ਤੇ ਗੜੇਮਾਰੀ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਮੌਸਮ ਦਾ ਖ਼ਤਰਾ ਬਰਕਰਾਰ ਹੈ। ਅਗਲੇ 24 ਘੰਟਿਆਂ ਵਿੱਚ ਗਰਜ਼-ਤੂਫ਼ਾਨ ਦੇ ਨਾਲ ਮੀਂਹ ਪੈ ਸਕਦਾ ਹੈ। 25 ਅਤੇ 26 ਮਾਰਚ ਨੂੰ ਮੀਂਹ, ਗੜੇਮਾਰੀ ਅਤੇ ਹਨੇਰੀ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਦੀ ਇਸ ਤਬਦੀਲੀ ਅਤੇ ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਫ਼ਸਲਾਂ ਦਾ ਹੋਇਆ ਹੈ। ਬੇਮੌਸਮੀ ਬਰਸਾਤ ਕਾਰਨ ਕਣਕ ਅਤੇ ਹਾੜੀ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਮੀਂਹ ਕਾਰਨ ਫਸਲਾਂ ਦਾ ਨੁਕਸਾਨ
ਹਰਿਆਣਾ ਅਤੇ ਪੰਜਾਬ ਵਿਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਜਿਸ ਕਾਰਨ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ। ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਤੇਜ਼ ਮੀਂਹ ਨਾਲ ਗੜੇਮਾਰੀ ਕਾਰਨ ਖੜ੍ਹੀਆਂ ਫਸਲਾਂ ਦਾ ਨੁਕਸਾਨ ਹੋਇਆ, ਖੇਤਾਂ ਵਿੱਚ ਫਸਲਾਂ ਵਿਛੀਆਂ ਦੇਖੀਆਂ ਗਈਆਂ।
ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਨੇ ਕੀਤੇ ਗਿਰਦਾਵਰੀ ਦੇ ਐਲਾਨ
ਕਿਸਾਨਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਂਹ ਅਤੇ ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ ਈ-ਫ਼ਸਲ ਮੁਆਵਜ਼ਾ ਪੋਰਟਲ ‘ਤੇ ਆਪਣੀ ਫ਼ਸਲ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ, ਤਾਂ ਜੋ ਉਚਿਤ ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ।
ਇਸ ਤੋਂ ਇਲਾਵਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h