Weather Update- ਉੱਤਰੀ ਭਾਰਤ ਵਿਚ ਸੰਘਣੀ ਧੁੰਦ ਅਤੇ ਠੰਢ ਨੇ ਜ਼ੋਰ ਫੜ ਲਿਆ ਹੈ, ਉੱਥੇ ਹੀ ਦੱਖਣੀ ਭਾਰਤ ਵਿੱਚ ਬੇਮੌਸਮੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਪੰਜਾਬ ਅਤੇ ਹਰਿਆਣਾ ਵਿਚ ਤਾਪਮਾਨ ਵਿੱਚ ਇਕਦਮ ਗਿਰਾਵਟ ਆਈ ਹੈ। ਦਿੱਲੀ-ਐਨਸੀਆਰ ਵਿਚ ਧੁੰਦ ਅਤੇ ਧੂੰਏਂ ਦੀ ਪਰਤ ਤੋਂ ਲੋਕ ਅਜੇ ਵੀ (Punjab Weather Alert) ਪ੍ਰੇਸ਼ਾਨ ਹਨ।
ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਦਰਅਸਲ, ਵਿਭਾਗ ਨੇ ਸੂਬੇ ਵਿਚ ਠੰਢ ਹੋਰ ਵਧਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਸੂਬੇ ਦੇ 7 ਜ਼ਿਲ੍ਹਿਆਂ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਅਤੇ ਧੂੰਏਂ ਵਾਲੀ ਸਥਿਤੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਹਫ਼ਤੇ ਦੇ ਅੰਤ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਿਲਸਿਲੇ ਵਿੱਚ ਪੰਜਾਬ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਆਂਢੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦਾ ਅਸਰ ਪੰਜਾਬ ਦੇ ਮੌਸਮ ਵਿਚ ਵੀ ਦੇਖਣ ਨੂੰ ਮਿਲੇਗਾ।
ਪੰਜਾਬ ‘ਚ ਹਲਕੀ ਬਾਰਿਸ਼ ਤੋਂ ਬਾਅਦ ਠੰਡ ‘ਚ ਵਾਧਾ ਹੋਵੇਗਾ। ਮੌਜੂਦਾ ਹਾਲਾਤਾਂ ਕਾਰਨ ਸੂਬੇ ਦੇ ਸ਼ਹਿਰਾਂ ਦਾ ਤਾਪਮਾਨ ਇਕ ਹਫ਼ਤੇ ਅੰਦਰ 2 ਤੋਂ 3 ਡਿਗਰੀ ਤੱਕ ਹੇਠਾਂ ਆ ਜਾਵੇਗਾ। ਪੱਛਮੀ ਹਿਮਾਲਿਆ ਵੱਲ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪਹਾੜਾਂ ਉਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜੇਕਰ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਇਲਾਕਿਆਂ ਵਿਚ ਠੰਢ ਹੋਰ ਵਧ ਜਾਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਤੋਂ ਬਾਅਦ ਹੀ ਮੌਸਮ ਖੁੱਲ੍ਹੇਗਾ, ਜਿਸ ਤੋਂ ਬਾਅਦ ਠੰਢ ਦਾ ਅਸਲ ਰੰਗ ਦੇਖਣ ਨੂੰ ਮਿਲੇਗਾ।
ਮੀਂਹ ਕਿੱਥੇ ਪਵੇਗਾ?
ਮੌਸਮ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਸਕਾਈਮੇਟ ਵੇਦਰ ਮੁਤਾਬਕ ਤਾਮਿਲਨਾਡੂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਲਕਸ਼ਦੀਪ, ਕੇਰਲ, ਮਣੀਪੁਰ ਅਤੇ ਮਿਜ਼ੋਰਮ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸਿੱਕਮ, ਦੱਖਣੀ ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਗਿਲਗਿਤ ਬਾਲਟਿਸਤਾਨ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੂਰਬੀ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਕਈ ਥਾਵਾਂ ਉਤੇ ਬਾਰਸ਼ ਵੀ ਹੋ ਸਕਦੀ ਹੈ।