ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ ‘ਚ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ। ਪੂਰੇ ਮਾਮਲੇ ‘ਚ ਗ੍ਰਿਫਤਾਰ ਕੀਤੇ ਤਿੰਨੋ ਦੋਸ਼ੀਆਂ ਸੰਨੀ ਮਹਿਤਾ, ਰੰਕਜ਼ ਤੇ ਇਸਮਾਇਲੀ ਨੂੰ ਅੱਜ ਖਰੜ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਖਰੜ ਕੋਰਟ ਨੇ ਪੁਲਿਸ ਨੂੰ ਇਨ੍ਹਾਂ ਦੋਸ਼ੀਆਂ ਦਾ 7 ਦਿਨ੍ਹਾਂ ਦਾ ਰਿਮਾਂਡ ਦੇ ਦਿੱਤਾ ਹੈ ਹਾਲਾਂਕਿ ਪੁਲਿਸ ਨੇ ਕੋਰਟ ਤੋਂ 10-15 ਦਿਨਾਂ ਦਾ ਰਿਮਾਂਡ ਮੰਗਿਆ ਸੀ। ਪੁਲਿਸ ਨੂੰ ਮਿਲੇ 7 ਦਿਨਾਂ ਰਿਮਾਂਡ ‘ਚ ਇਨ੍ਹਾਂ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ ਤੇ ਇਸ ਪੁੱਛ-ਗਿੱਛ ‘ਚ ਵੱਡੇ ਖੁਲਾਸੇ ਹੋਣ ਦੇ ਅਨੁਮਾਨ ਹਨ।
ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਯੂਨੀਵਰਸਿਟੀ ’ਚ 60 ਕੁੜੀਆਂ ਦੀਆਂ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ 8 ਕੁੜੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦੀ ਗੱਲ ਵੀ ਸਾਹਮਣੇ ਆਈ। ਇਸ ਤੋਂ ਬਾਅਦ ਯੂਨੀਵਰਸਿਟੀ ਦਾ ਬਿਆਨ ਸਾਹਮਣੇ ਆਇਆ। ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ. ਐੱਸ. ਬਾਵਾ ਵੱਲੋਂ 60 ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਨਿਰਆਧਾਰ ਦੱਸਿਆ ਗਿਆ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥਣ ਦਾ ਕੋਈ ਵੀਡੀਓ ਇਤਰਾਜ਼ਯੋਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿਰਫ ਇਕ ਕੁੜੀ ਵੱਲੋਂ ਸ਼ੂਟ ਕੀਤੀ ਗਈ ਇਕ ਨਿੱਜੀ ਵੀਡੀਓ ਤੋਂ ਇਲਾਵਾ ਅਜਿਹੀ ਹੋਰ ਕੋਈ ਵੀ ਵੀਡੀਓ ਨਹੀਂ ਮਿਲੀ ਹੈ। ਇਹ ਵੀਡੀਓ ਕੁੜੀ ਨੇ ਆਪਣੇ ਦੋਸਤ ਨੂੰ ਭੇਜੀ ਸੀ।
ਉਨ੍ਹਾਂ ਕਿਹਾ ਕਿ 7 ਕੁੜੀਆਂ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਖ਼ਬਰਾਂ ‘ਚ ਵੀ ਕੋਈ ਸੱਚਾਈ ਨਹੀਂ ਹੈ ਅਤੇ ਨਾ ਹੀ ਕਿਸੇ ਕੁੜੀ ਨੇ ਅਜਿਹਾ ਕਦਮ ਚੁੱਕਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਕਿਸੇ ਵੀ ਕੁੜੀ ਨੂੰ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਪੀਲ ਮਗਰੋਂ ਉਨ੍ਹਾ ਨੇ ਖ਼ੁਦ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਸ ਨੂੰ ਸੌਂਪ ਦਿੱਤੀ ਹੈ।