ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਚੌਥਾ ਸੂਬਾਈ ਡੈਲੀਗੇਟ ਇਜਲਾਸ 16-17 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਮੂਧਲ ਸਰਕਾਰੀਆ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਵੇਗਾ।
ਇਜਲਾਸ ਦੀ ਤਿਆਰੀ ਕਮੇਟੀ ਦੇ ਮੁੱਖੀ ਕਾਮਰੇਡ ਬਲਬੀਰ ਸਿੰਘ ਝਾਮਕਾ ਵਲੋਂ ਜਾਰੀ ਬਿਆਨ ਵਿਚ ਦਸਿਆ ਗਿਆ ਕਿ ਸੂਬਾ ਇਜਲਾਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਉੱਘੇ ਚਿੰਤਕ ਤੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੀ ਸਪੁੱਤਰੀ ਡਾਕਟਰ ਅਰੀਤ ਨਿਭਾਉਣਗੇ ਤੇ ਉਦਘਾਟਨੀ ਭਾਸ਼ਨ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਦੇਣਗੇ।
ਉਦਘਾਟਨੀ ਸੈਸ਼ਨ ਵਿਚ ਪੰਜਾਬ ਦੇ ਪ੍ਰਮੁੱਖ ਬੁੱਧੀਜੀਵੀ ਤੇ ਸੰਘਰਸ਼ ਸ਼ੀਲ ਆਗੂ ਵੀ ਸ਼ਮੂਲੀਅਤ ਕਰਨਗੇ।
ਬਿਆਨ ਵਿਚ ਦੱਸਿਆ ਗਿਆ ਹੈ ਕਿ ਕਾਨਫਰੰਸ ਦੇ ਮੁੱਖ ਗੇਟ ਨੂੰ ਪਿੱਛੇ ਜਿਹੇ ਵਿਛੋੜਾ ਦੇ ਗਏ ਪੈਪਸੂ ਮੁਜ਼ਾਰਾ ਲਹਿਰ ਦੇ ਆਗੂ 95 ਸਾਲਾ ਕਾਮਰੇਡ ਕਿਰਪਾਲ ਸਿੰਘ ਬੀਰ ਦਾ, ਕਾਨਫਰੰਸ ਹਾਲ ਨੂੰ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦਾ ਅਤੇ ਮੰਚ ਨੂੰ ਭਾਅ ਜੀ ਗੁਰਸ਼ਰਨ ਸਿੰਘ ਦਾ ਨਾਂ ਦਿੱਤਾ ਗਿਆ ਹੈ।
ਕਾਨਫਰੰਸ ਦੇ ਅੰਜਡਿਆਂ ਵਿਚ ਲੋਕ ਅੰਦੋਲਨਾਂ ਨੂੰ ਇਨਕਲਾਬੀ ਬਦਲਾਅ ਦੀ ਦਿਸ਼ਾ ਵਿਚ ਅੱਗੇ ਵਧਾਉਣਾ, ਸੰਘ-ਬੀਜੇਪੀ ਦੇ ਕਾਰਪੋਰੇਟ ਪ੍ਰਸਤ ਫਿਰਕੂ ਫਾਸੀਵਾਦੀ ਰਾਜ ਦੇ ਖ਼ਾਤਮੇ ਲਈ ਤਮਾਮ ਫਾਸ਼ੀਵਾਦ ਵਿਰੋਧੀ ਤਾਕਤਾਂ ਨੂੰ ਘੱਟੋ ਘੱਟ ਸਹਿਮਤੀ ਦੇ ਅਧਾਰ ‘ਤੇ ਇਕਜੁੱਟ ਕਰਨ ਦੇ ਯਤਨਾਂ ਨੂੰ ਤੇਜ਼ ਕਰਨਾ, ਅਪਣੇ ਚੋਣ ਵਾਦਿਆਂ ਨੂੰ ਪੂਰਾ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼ ਲੋਕ ਰੋਹ ਤੇ ਮਜਦੂਰ ਕਿਸਾਨ ਅੰਦੋਲਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਅਤੇ ਪੰਜਾਬ ਨੂੰ ਮੁੜ ਹਿੰਸਕ ਫਿਰਕੂ ਭੇੜ ਵੱਲ ਧੱਕਣ ਦੀਆਂ ਸਾਜ਼ਿਸ਼ਾਂ ਦਾ ਪਰਦਾਫ਼ਾਸ਼ ਕਰਨ ਲਈ ਪਾਰਟੀ ਦੀ ਮਜ਼ਬੂਤੀ ਅਤੇ ਇਨਕਲਾਬੀ ਤੇ ਖੱਬੀਆਂ ਜਮਹੂਰੀ ਤਾਕਤਾਂ ਦੀ ਏਕਤਾ ਆਦਿ ਪ੍ਰਮੁੱਖ ਹਨ।