ਅਬੋਹਰ ਦੇ ਪਿੰਡ ਤੇਲੂਪੁਰਾ ਦੀ ਵਸਨੀਕ ਅਤੇ ਲੁਧਿਆਣਾ ਵਿੱਚ ਈਟੀਟੀ ਅਧਿਆਪਕਾ ਨੇ ਆਪਣੇ ਸਾਥੀ ਵੱਲੋਂ ਅਦਾਲਤ ਵਿੱਚ ਵਿਆਹ ਕਰਨ ਤੋਂ ਇਨਕਾਰ ਕਰਨ ’ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਕਾਰਨ ਬੀਤੀ ਰਾਤ ਸ੍ਰੀਗੰਗਾਨਗਰ ਦੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਫਿਲਹਾਲ ਲੁਧਿਆਣਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ 24 ਸਾਲਾ ਪੂਜਾ ਪੁੱਤਰੀ ਬ੍ਰਿਜਲਾਲ ਵਾਸੀ ਤੇਲੂਪੁਰਾ ਲੁਧਿਆਣਾ ਵਿੱਚ ਈਟੀਟੀ ਅਧਿਆਪਕ ਵਜੋਂ ਤਾਇਨਾਤ ਸੀ। ਕਰੀਬ ਦੋ ਸਾਲ ਪਹਿਲਾਂ ਉਸ ਦੀ ਜਾਣ-ਪਛਾਣ ਲੁਧਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋਈ ਸੀ। ਇਹ ਜਾਣ-ਪਛਾਣ ਪਹਿਲਾਂ ਦੋਸਤੀ ਅਤੇ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ। ਲੜਕਾ ਉਸ ਨੂੰ ਕੋਰਟ ਮੈਰਿਜ ਕਰਵਾਉਣ ਲਈ ਕਹਿੰਦਾ ਰਿਹਾ ਪਰ ਹਾਲ ਹੀ ‘ਚ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਲੁਧਿਆਣਾ ‘ਚ ਜ਼ਹਿਰ ਖਾ ਲਿਆ
ਇਸ ਤੋਂ ਦੁਖੀ ਪੂਜਾ ਨੇ 12 ਜੂਨ ਨੂੰ ਲੁਧਿਆਣਾ ਵਿਖੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ, ਜਿਸ ਦਾ ਪਤਾ ਲੱਗਣ ‘ਤੇ ਉਸ ਦੀ ਮਾਸੀ ਦੇ ਲੜਕੇ ਨੇ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ‘ਚ ਦਾਖਲ ਕਰਵਾਇਆ ਅਤੇ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਬੀਤੇ ਦਿਨ ਜਦੋਂ ਡੀਐਮਸੀ ਲੁਧਿਆਣਾ ਦੇ ਡਾਕਟਰਾਂ ਨੇ ਜਵਾਬ ਦਿੱਤਾ ਤਾਂ ਪਰਿਵਾਰ ਨੇ ਪੂਜਾ ਨੂੰ ਸ੍ਰੀ ਗੰਗਾਨਗਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ।
ਉਧਰ, ਲੁਧਿਆਣਾ ਦੇ ਏਐਸਆਈ ਰੇਸ਼ਮ ਸਿੰਘ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।