Coach Gurcharan Singh: ਭਾਰਤ ਸਰਕਾਰ ਨੇ 25 ਜਨਵਰੀ ਨੂੰ 2023 ਲਈ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਪਦਮ ਪੁਰਸਕਾਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਚੋਂ ਇੱਕ ਹਨ। ਇਸ ਸਾਲ 106 ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸੂਚੀ ਵਿੱਚ 6 ਪਦਮ ਵਿਭੂਸ਼ਣ, 9 ਪਦਮ ਭੂਸ਼ਣ ਤੇ 91 ਪਦਮ ਸ਼੍ਰੀ ਅਵਾਰਡ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਸਾਬਕਾ ਫਸਟ ਕਲਾਸ ਕ੍ਰਿਕਟਰ ਅਤੇ ਭਾਰਤ ਦੇ ਸਾਬਕਾ ਕੋਚ ਗੁਰਚਰਨ ਸਿੰਘ ਦਾ ਨਾਂ ਵੀ ਪਦਮ ਸ਼੍ਰੀ ਪੁਰਸਕਾਰਾਂ ਦੀ ਸੂਚੀ ‘ਚ ਸ਼ਾਮਲ ਹੈ।
ਦੱਸ ਦਈਏ ਕਿ ਕ੍ਰਿਕਟਰ ਦੇ ਗੁਰੂ ਦ੍ਰੋਣ ਗੁਰਚਰਨ ਸਿੰਘ ਦਾ ਜਨਮ 13 ਜੂਨ 1935 ਨੂੰ ਰਾਵਲਪਿੰਡੀ ਵਿੱਚ ਹੋਇਆ ਸੀ। 1947 ਵਿੱਚ ਜਦੋਂ ਭਾਰਤ ਦੀ ਵੰਡ ਹੋਈ ਤਾਂ ਗੁਰਚਰਨ ਸਿੰਘ ਸ਼ਰਨਾਰਥੀ ਵਜੋਂ ਪਟਿਆਲਾ ਆ ਗਏ। ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਦੀ ਅਗਵਾਈ ਵਿੱਚ ਆਪਣਾ ਕ੍ਰਿਕਟ ਸਫ਼ਰ ਸ਼ੁਰੂ ਕੀਤਾ। ਇੱਕ ਕ੍ਰਿਕਟਰ ਵਜੋਂ, ਉਸਨੇ ਪਟਿਆਲਾ, ਦੱਖਣੀ ਪੰਜਾਬ ਅਤੇ ਰੇਲਵੇ ਦੀਆਂ ਟੀਮਾਂ ਦੀ ਨੁਮਾਇੰਦਗੀ ਕੀਤੀ ਅਤੇ ਕੁੱਲ 37 ਪਹਿਲੀ ਸ਼੍ਰੇਣੀ ਦੇ ਮੈਚ ਖੇਡੇ।
ਖਾਸ ਨਹੀਂ ਰਿਹਾ ਫਸਟ ਕਲਾਸ ਦਾ ਕਰੀਅਰ
ਇਨ੍ਹਾਂ 37 ਪਹਿਲੇ ਦਰਜੇ ਦੇ ਮੈਚਾਂ ਵਿੱਚ ਗੁਰਚਰਨ ਸਿੰਘ ਨੇ 19.96 ਦੀ ਔਸਤ ਨਾਲ 1198 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਗੁਰਚਰਨ ਨੇ 33.50 ਦੀ ਔਸਤ ਨਾਲ 44 ਵਿਕਟਾਂ ਲਈਆਂ।
87 ਸਾਲਾ ਗੁਰਚਰਨ ਸਿੰਘ ਦਾ ਕ੍ਰਿਕਟ ਕਰੀਅਰ ਘਰੇਲੂ ਕ੍ਰਿਕਟ ਤੋਂ ਅੱਗੇ ਨਹੀਂ ਵਧ ਸਕਿਆ। ਪਰ ਇੱਕ ਕੋਚ ਦੇ ਤੌਰ ‘ਤੇ ਉਨ੍ਹਾਂ ਨੇ ਅਜਿਹੇ ਖਿਡਾਰੀਆਂ ਨੂੰ ਤਰਾਸ਼ਿਆ ਜੋ ਬਾਅਦ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਯੋਗ ਹੋਏ।
ਕੋਚਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ
ਗੁਰਚਰਨ ਸਿੰਘ ਨੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਤੋਂ ਕੋਚਿੰਗ ਡਿਪਲੋਮਾ ਪ੍ਰਾਪਤ ਕੀਤਾ ਤੇ ਫਿਰ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਵਿੱਚ ਮੁੱਖ ਕੋਚ ਵਜੋਂ ਸ਼ਾਮਲ ਹੋ ਗਏ। 1977 ਤੋਂ 1983 ਦਰਮਿਆਨ ਉੱਤਰੀ ਜ਼ੋਨ ਦੇ ਕੋਚ ਵਜੋਂ ਉਨ੍ਹਾਂ ਦਾ ਕਾਰਜਕਾਲ ਸ਼ਾਨਦਾਰ ਰਿਹਾ। 1985 ਵਿੱਚ, ਉਨ੍ਹਾਂ ਨੇ ਮਾਲਦੀਵ ਟੀਮ ਦੇ ਮੁੱਖ ਕੋਚ ਵਜੋਂ ਕੰਮ ਕੀਤਾ।
ਇਸ ਤੋਂ ਬਾਅਦ ਗੁਰਚਰਨ ਸਿੰਘ ਨੇ 1986-87 ਦੌਰਾਨ ਟੀਮ ਇੰਡੀਆ ਦੇ ਕੋਚ ਦੀ ਜ਼ਿੰਮੇਵਾਰੀ ਨਿਭਾਈ। ਜੇਕਰ ਦੇਖਿਆ ਜਾਵੇ ਤਾਂ ਗੁਰਚਰਨ ਸਿੰਘ ਨੇ ਸੌ ਤੋਂ ਵੱਧ ਕ੍ਰਿਕਟਰਾਂ ਨੂੰ ਸਿਖਲਾਈ ਦਿੱਤੀ, ਜਿਨ੍ਹਾਂ ਚੋਂ 12 ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਂ ਰੌਸ਼ਨ ਕੀਤਾ।
ਉਨ੍ਹਾਂ ਦੇ ਚੇਲਿਆਂ ਵਿੱਚ ਕੀਰਤੀ ਆਜ਼ਾਦ, ਮਨਿੰਦਰ ਸਿੰਘ, ਵਿਵੇਕ ਰਾਜ਼ਦਾਨ, ਗੁਰਸ਼ਰਨ ਸਿੰਘ, ਅਜੈ ਜਡੇਜਾ, ਰਾਹੁਲ ਸੰਘਵੀ ਅਤੇ ਮੁਰਲੀ ਕਾਰਤਿਕ ਵਰਗੇ ਕ੍ਰਿਕਟਰ ਸ਼ਾਮਲ ਹਨ। ਕੀਰਤੀ ਆਜ਼ਾਦ, ਮਨਿੰਦਰ ਸਿੰਘ ਅਤੇ ਅਜੇ ਜਡੇਜਾ ਨੇ ਭਾਰਤ ਲਈ ਕ੍ਰਿਕਟ ਵਿਸ਼ਵ ਕੱਪ ਵੀ ਖੇਡਿਆ ਸੀ।
1987 ਵਿੱਚ ਮਿਲਿਆ ਦਰੋਣਾਚਾਰੀਆ ਪੁਰਸਕਾਰ
ਗੁਰਚਰਨ ਸਿੰਘ ਨੂੰ ਸਾਲ 1987 ਵਿੱਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਸਮੇਂ, ਉਹ ਦੇਸ਼ਪ੍ਰੇਮ ਆਜ਼ਾਦ ਤੋਂ ਬਾਅਦ ਦਰੋਣਾਚਾਰੀਆ ਪੁਰਸਕਾਰ ਪ੍ਰਾਪਤ ਕਰਨ ਵਾਲੇ ਦੂਜੇ ਕ੍ਰਿਕਟ ਕੋਚ ਸਨ। ਗੁਰਚਰਨ ਸਿੰਘ 1992-93 ਦੌਰਾਨ ਗਵਾਲੀਅਰ ਦੀ ਪੇਸ ਗੇਂਦਬਾਜ਼ੀ ਅਕੈਡਮੀ ਵਿੱਚ ਡਾਇਰੈਕਟਰ ਵਜੋਂ ਵੀ ਸ਼ਾਮਲ ਹੋਏ। ਇਹ ਅਕੈਡਮੀ ਲਕਸ਼ਮੀਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਅਤੇ ਬੀ.ਸੀ.ਸੀ.ਆਈ. ਦੁਆਰਾ ਸਾਂਝੇ ਤੌਰ ‘ਤੇ ਸ਼ੁਰੂ ਕੀਤੀ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h