Gurmeet Singh Khudian in Punjab Cabinet: ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਆਪਣੀ ਚੌਥੀ ਕੈਬਨਿਟ ਦਾ ਵਿਸਥਾਰ ਕੀਤਾ। ਮੰਤਰੀ ਮੰਡਲ ‘ਚ ਦੋ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਚੋਂ ਇੱਕ ਚਿਹਰਾ 59 ਸਾਲਾ ਗੁਰਮੀਤ ਸਿੰਘ ਖੁੱਡੀਆਂ ਦਾ ਹੈ। ਖੁੱਡੀਆਂ ਨੇ ਚੋਣਾਂ ‘ਚ ਉਹ ਕੰਮ ਕੀਤਾ ਜੋ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ।
ਗੁਰਮੀਤ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲੰਬੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੜੀਆਂ। ਇਸ ਸੀਟ ‘ਤੇ ਉਨ੍ਹਾਂ ਨੇ ਪੰਜਾਬ ਦੇ ਮਜ਼ਬੂਤ ਨੇਤਾ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਲੰਬੀ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਗੜ੍ਹ ਮੰਨਿਆ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਦੀ ਇਹ ਆਖ਼ਰੀ ਚੋਣ ਸੀ।
ਦੱਸ ਦਈਏ ਕਿ ਗੁਰਮੀਤ ਸਾਬਕਾ ਸੰਸਦ ਮੈਂਬਰ ਸਵਰਗੀ ਜਗਦੇਵ ਸਿੰਘ ਖੁੱਡੀਆਂ ਦਾ ਪੁੱਤਰ ਹੈ। ਖੁੱਡੀਆਂ ਲੰਮੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਹਨ। ਪਹਿਲਾਂ ਅਕਾਲੀ ਦਲ (ਮਾਨ) ਨਾਲ ਸੀ ਤੇ ਫਿਰ ਕਾਂਗਰਸ ਵਿਚ ਸ਼ਾਮਲ ਹੋਏ। ਉਨ੍ਹਾਂ ਲੰਮਾ ਸਮਾਂ ਕਾਂਗਰਸ ਵਿੱਚ ਕੰਮ ਕੀਤਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਲੰਬੀ ਤੋਂ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਵੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਬਣਨ ਦੇ ਬਾਵਜੂਦ ਲੰਬੀ ਹਲਕੇ ਨੂੰ ਨਜ਼ਰਅੰਦਾਜ਼ ਕਰਨ ਕਾਰਨ ਉਹ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ।
ਗੁਰਮੀਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਬਣਾਇਆ ਰਿਕਾਰਡ
ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਲ੍ਹੇ ਨੂੰ ਧੂਹ ਕੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੰਤਰੀ ਦਾ ਅਹੁਦਾ ਹਾਸਲ ਕੀਤਾ। ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਉਨ੍ਹਾਂ ਦੇ ਹੀ ਘਰੇਲੂ ਹਲਕੇ ਲੰਬੀ ਦੀ ਸੀਟ ਤੋਂ ਹਰਾ ਕੇ ਅਸੰਭਵ ਨੂੰ ਸੰਭਵ ਬਣਾ ਕੇ ਇਤਿਹਾਸ ਰਚਿਆ ਹੈ।
ਹੁਣ ਵੀ ਮੰਤਰੀ ਮੰਡਲ ਵਿੱਚ 2 ਮੰਤਰੀਆਂ ਦੇ ਅਹੁਦੇ ਖਾਲੀ
ਕੈਬਨਿਟ ਦੇ ਮਾਪਦੰਡਾਂ ਮੁਤਾਬਕ ਪੰਜਾਬ ਵਿੱਚ ਸੀਟਾਂ ਦੇ ਹਿਸਾਬ ਨਾਲ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ ਪਰ ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਕੈਬਨਿਟ ਮੰਤਰੀ ਹਨ। ਹੁਣ ਵੀ ਮੰਤਰੀ ਨਿੱਝਰ ਦੇ ਅਸਤੀਫੇ ਅਤੇ 2 ਮੰਤਰੀਆਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੇ ਬਾਵਜੂਦ 2 ਮੰਤਰੀਆਂ ਦੇ ਅਹੁਦੇ ਖਾਲੀ ਰਹਿਣਗੇ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਇਨ੍ਹਾਂ ਨੂੰ ਭਰ ਸਕਦੀ ਹੈ।
ਮਾਝੇ ਦਾ ਕੱਦ ਘਟਾ, ਦੁਆਬੇ ਨੂੰ ਚੁੱਕਿਆ ਉੱਚਾ
ਵਿਧਾਨ ਸਭਾ ਚੋਣਾਂ ਵਿੱਚ ਮਾਝਾ ਖੇਤਰ ਨੇ 25 ਵਿੱਚੋਂ 16 ਸੀਟਾਂ ਆਮ ਆਦਮੀ ਪਾਰਟੀ ਦੇ ਝੋਲੇ ਵਿੱਚ ਪਾ ਦਿੱਤੀਆਂ ਸਨ। ਇਸੇ ਤਹਿਤ ਸਰਕਾਰ ਵਿੱਚ ਪੰਜ ਮੰਤਰੀਆਂ ਨੂੰ ਥਾਂ ਦਿੱਤੀ ਗਈ ਸੀ। ਪਰ ਹੁਣ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਅਸਤੀਫੇ ਤੋਂ ਬਾਅਦ ਮਾਨਯੋਗ ਸਰਕਾਰ ਨੇ ਮਾਝੇ ਵਿੱਚੋਂ ਕੋਈ ਮੰਤਰੀ ਨਹੀਂ ਬਣਾਇਆ ਸਗੋਂ ਦੋਆਬੇ ਵਿੱਚੋਂ ਕਿਸੇ ਹੋਰ ਮੰਤਰੀ ਨੂੰ ਨਿਯੁਕਤ ਕਰਕੇ ਮਾਝੇ ਦਾ ਕੱਦ ਘਟਾਇਆ ਹੈ ਅਤੇ ਦੁਆਬੇ ਦਾ ਕੱਦ ਵਧਾਇਆ ਹੈ।
ਮੌਜੂਦਾ ਦੌਰ ‘ਚ ਮਾਝੇ ‘ਚੋਂ ਹੁਣ ਚਾਰ ਮੰਤਰੀ ਰਹਿ ਗਏ ਹਨ, ਜਦਕਿ 69 ‘ਚੋਂ 66 ਸੀਟਾਂ ਦੇਣ ਵਾਲੇ ਮਾਲਵਾ ਖੇਤਰ ‘ਚ ਇਕ ਮੰਤਰੀ ਦੇ ਵਾਧੇ ਕਾਰਨ ਹੁਣ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਗਿਣਤੀ 10 ਹੋ ਗਈ ਹੈ। ਇਸੇ ਤਰ੍ਹਾਂ ਹੁਣ ਸੱਤਾਧਾਰੀ ਪਾਰਟੀ ਨੂੰ 18 ਵਿੱਚੋਂ 9 ਸੀਟਾਂ ਦੇਣ ਵਾਲੇ ਦੋਆਬੇ ਨੂੰ 2 ਮੰਤਰੀ ਮਿਲ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h