ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਜਪਾ ‘ਤੇ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਲਾਏ ਦੋਸ਼ਾਂ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਖਿਲਾਫ਼ ਰੋਸ ਮਾਰਚ ਕਢਨ ਦਾ ਐਲਾਨ ਕੀਤਾ ਹੈ। ਇਹ ਰੋਸ਼ ਭਾਜਪਾ ਹੈਡਕਵਾਟਰ ਚੰਡੀਗੜ੍ਹ ਤੋ ਪੰਜਾਬ ਵਿਧਾਨਸਭਾ ਸਦਨ ਤੱਕ ਕਢਿਆ ਜਾਵੇਗਾ। ਇਸ ਬਾਰੇ ‘ਚ ਭਾਜਪਾ ਦਫਤਰ ਵਿਖੇ ਉਲੀਕੀ ਗਈ ਪ੍ਰੇਸ ਕਾਰ੍ਨ੍ਫ੍ਰੇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਇੱਕ ਰੋਜ਼ਾ ਇਜਲਾਸ ਦੌਰਾਨ ਜਨਤਾ ਦੇ ਟੈਕਸਾਂ ਦੇ ਕਰੋੜਾਂ ਰੁਪਏ ਬਰਬਾਦ ਕਰੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਾਜਪਾ ‘ਤੇ ਦੋਸ਼ ਲਗਾਉਣ ਦੀ ਇਹ ਆਦਤ ਬਹੁਤ ਪੁਰਾਣੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਖਰੀਦਣ ਲਈ ਪ੍ਰਤੀ ਵਿਧਾਇਕ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਸ਼ਰਮਾ ਨੇ ਵਿੱਤ ਮੰਤਰੀ ਚੀਮਾ ਨੂੰ ਸਵਾਲ ਕੀਤਾ ਕਿ ਭਾਜਪਾ ਵੱਲੋਂ ਦਿੱਤੇ 1375 ਕਰੋੜ ਰੁਪਏ ਕਿੱਥੇ ਹਨ? ਸ਼ਰਮਾ ਨੇ ਕਿਹਾ ਕਿ ਚੀਮਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਧਾਇਕਾਂ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ। ਕਿਉਂਕਿ ਜੇਕਰ ਕਿਸੇ ਦੇ ਮੋਬਾਈਲ ‘ਤੇ ਕਾਲ ਆਉਂਦੀ ਹੈ ਤਾਂ ਉਸ ਮੋਬਾਈਲ ਦੀ ਸਕਰੀਨ ‘ਤੇ ਕਾਲ ਕਰਨ ਵਾਲੇ ਦਾ ਨੰਬਰ ਜ਼ਰੂਰ ਆਉਂਦਾ ਹੈ। ਪਰ ਚੀਮਾ ਨੇ ਮੀਡੀਆ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਉਹ ਟੈਲੀਫੋਨ ਨੰਬਰ ਕਿਹੜੇ ਸਨ? ਚੀਮਾ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਕੋਲ ਆਡੀਓ ਅਤੇ ਵੀਡੀਓ ਰਿਕਾਰਡਿੰਗ ਦੋਵੇਂ ਹਨ। ਸ਼ਰਮਾ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਕੋਲ ਦੋਵੇਂ ਸਬੂਤ ਹਨ ਤਾਂ ਉਨ੍ਹਾਂ ਨੂੰ ਅਜੇ ਤੱਕ ਮੀਡੀਆ ਜਾਂ ਜਨਤਾ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਗਿਆ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜੇ ਵੀ ਭਗਵੰਤ ਮਾਨ ਸਰਕਾਰ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਸ਼ਰਮਾ ਨੇ ਕਿਹਾ ਕਿ ਇਹ ਭਗਵੰਤ ਮਾਨ ਸਰਕਾਰ ਦੀ ਨੀਚ ਰਾਜਨੀਤੀ ਹੈ ਅਤੇ ਇਹ ਲੋਕ ਗੰਦੀ ਰਾਜਨੀਤੀ ਕਰ ਰਹੇ ਹਨ ਅਤੇ ਇਸ ਲਈ ਆਮ ਆਦਮੀ ਪਾਰਟੀ ਨੇ ਵਿਧਾਨਸਭਾ ਵਰਗੀ ਪਵਿੱਤਰ ਜਗਹ ਨੂੰ ਚੁਣਿਆ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਇਹ ਪਵਿੱਤਰ ਸਦਨ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹੈ ਨਾ ਕਿ ਇਹਨਾਂ ਦੀ ਘਟੀਆ ਰਾਜਨੀਤੀ ਲਈ! ਇਹ ਬਹੁਤ ਹੀ ਸ਼ਰਮਨਾਕ ਹੈ ਕਿ ਭਗਵੰਤ ਮਾਨ ਨੇ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਲਈ ਵਿਧਾਨਸਭਾ ਦੇ ਪਵਿੱਤਰ ਸਦਨ ਨੂੰ ਚੁਣਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਹੈ ਅਤੇ ਇਸ ਦੇ 92 ਵਿਧਾਇਕ ਹਨ ਅਤੇ ਵਿਧਾਨ ਸਭਾ ਵਿੱਚ ਆਪਣੇ ਆਪ ਨੂੰ ਖੁਦ ਹੀ ਸ਼ਾਬਾਸ਼ੀ ਦੇਣ ਤੋਂ ਬਾਅਦ ਇਹ ਲੋਕ ਕਹਿਣਗੇ ਕਿ ਅਸੀਂ ਸਾਰੇ ਇਕੱਠੇ ਹਾਂ ਅਤੇ ਸਾਡੇ ਵਿਧਾਇਕ ਵਿਕਾਊ ਨਹੀਂ ਸਨ। ਆਮ ਆਦਮੀ ਪਾਰਟੀ ਜਨਤਾ ਪ੍ਰਤੀ ਆਪਣੀ ਜਵਾਬਦੇਹੀ ਤੋਂ ਭੱਜ ਰਹੀ ਹੈ ਅਤੇ ਇਸ ਲਈ ਭਗਵੰਤ ਮਾਨ ਸਰਕਾਰ ਅਜਿਹੇ ਡਰਾਮੇ ਰਚ ਰਹੀ ਹੈ। ਸ਼ਰਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਹੁੰਦਾ ਤਾਂ ਰੇਤਾ-ਬੱਜਰੀ ਦੇ ਮੁੱਦੇ ‘ਤੇ ਬੁਲਾਉਂਦੇ, ਪੰਜਾਬ ‘ਚ ਨਸ਼ਿਆਂ ਦੀ ਤਸਕਰੀ ਨੂੰ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਬੁਲਾਉਂਦੇ, ਪੰਜਾਬ ‘ਚ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਬੁਲਾਂਦੇ, ‘ਆਪ’ ਦੇ ਭ੍ਰਿਸ਼ਟ ਮੰਤਰੀਆਂ ਖਿਲਾਫ ਕਾਰਵਾਈ ਲਈ ਬੁਲਾਂਦੇ ਅਤੇ ਚਰਚਾ ਕਰਦੇ। ਪਰ ਇਹ ਲੋਕ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਬੋਲੇ ਗਏ ਝੂਠ ਨੂੰ ਸਚ ਸਾਬਤ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਰਹੇ ਹਨ ਅਤੇ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਬਰਬਾਦ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਇਸ ਸਰਕਾਰ ਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਂਦੀ ਰਹੇਗੀ। ਇਸ ਦੇ ਲਈ ਵੀਰਵਾਰ ਨੂੰ ਭਾਜਪਾ ਹੈੱਡਕੁਆਰਟਰ ਸੈਕਟਰ 37-ਏ ਚੰਡੀਗੜ੍ਹ ਤੋਂ ਪੰਜਾਬ ਵਿਧਾਨ ਸਭਾ ਭਵਨ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ। ਅਸ਼ਵਨੀ ਸ਼ਰਮਾ ਨੇ ਸਮੂਹ ਵਰਕਰਾਂ ਨੂੰ ਇਸ ਰੋਸ ਮਾਰਚ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ ਅਤੇ ਰਾਜੇਸ਼ ਬਾਗਾ ਵੀ ਹਾਜ਼ਰ ਸਨ I