ਪੰਜਾਬ ਦੇ ਸਕੂਲ ਭਲਕੇ 8 ਜਨਵਰੀ ਨੂੰ ਖੁੱਲ੍ਹਣ ਜਾ ਰਹੇ ਹਨ, ਜਦਕਿ ਸੂਬੇ ‘ਚ ਠੰਡ ਦਾ ਕਹਿਰ ਵੀ ਲਗਾਤਾਰ ਜਾਰੀ ਹੈ।ਇਸ ਨੂੰ ਧਿਆਨ ‘ਚ ਰੱਖਦਿਆਂ ਪਿਛਲੇ ਦਿਨੀਂ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਸਨ ਜਿਸ ਦੇ ਚੱਲਦੇ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ।ਹੁਣ ਜਦੋਂ ਠੰਡ ਲਗਾਤਾਰ ਵੱਧ ਰਹੀ ਹੈ ਤੇ ਸਵੇਰ ਸਮੇਂ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਕਿਆਸ ਲਗਾਏ ਜਾ ਰਹੇ ਹਨ ਅੱਜ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ।
ਦੱਸਣਯੋਗ ਹੈ ਕਿ ਪੰਜਾਬ ਦੇ ਸਕੂਲਾਂ ‘ਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਵੱਧ ਰਹੀ ਠੰਡ ਨੂੰ ਦੇਖਦੇ ਹੋਏ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ।ਪੰਜਾਬ ‘ਚ ਸੀਤ ਲਹਿਰ ਚੱਲ ਰਹੀ ਹੈ।ਇਸ ਕਾਰਨ ਮਾਪੇ, ਅਧਿਆਪਕ ਤੇ ਵਿਦਿਆਰਥੀ ਪ੍ਰੇਸ਼ਾਨੀ ‘ਚ ਹਨ ਤੇ ਇਸੇ ਪ੍ਰੇਸ਼ਾਨੀ ਕਰਕੇ ਪੰਜਾਬ ਸਰਕਾਰ ਹੋਰ ਛੁੱਟੀਆਂ ਵਧਾਉਣ ਬਾਰੇ ਵੱਡਾ ਫੈਸਲਾ ਲੈ ਸਕਦੀ ਹੈ।ਦੱਸਣਯੋਗ ਹੈ ਕਿ ਠੰਡ ਨੂੰ ਦੇਖਦੇ ਹੋਏ ਚੰਡੀਗੜ੍ਹ ‘ਚ 11 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।ਹਰਿਆਣਾ ‘ਚ ਵੀ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ 14 ਜਨਵਰੀ ਤੱਕ ਛੁੱਟੀਆਂ ਹਨ।ਇਸਨੂੰ ਦੇਖਦੇ ਹੋਏ ਅੱਜ ਪੰਜਾਬ ਸਰਕਾਰ ਵੀ ਸਕੂਲਾਂ ‘ਚ ਛੁੱਟੀਆਂ ਦੇ ਵਾਧੇ ਦਾ ਐਲਾਨ ਕਰ ਸਕਦੀ ਹੈ।ਸੂਤਰ ਇਹ ਵੀ ਦੱਸਦੇ ਹਨ ਕਿ ਸਰਕਾਰ ਛੋਟੀਆਂ ਕਲਾਸਾਂ ਨੂੰ ਛੁੱਟੀਆਂ ਕਰਕੇ ਆਨਲਾਈਨ ਪੜ੍ਹਾਈ ਕਰਨ ਦੇ ਹੁਕਮ ਵੀ ਦੇ ਸਕਦੀ ਅਤੇ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਆਉਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ।
ਕੀ ਹੈ ਮੌਸਮ ਦਾ ਹਾਲ: ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਆਲੇ ਦੁਆਲੇ ਚੱਕਰਵਾਤੀ ਤੂਫਾਨ ਦੇ ਚਲਦੇ ਸੂਬੇ ‘ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਇਸਦੇ ਚਲਦੇ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ ਆਲਮ ਹੈ ਕਿ ਸਵੇਰ ਨੂੰ ਸੰਘਣੀ ਧੁੰਦ ਪੈ ਰਹੀ ਹੈ।ਇਸਦੇ ਚੱਲਦੇ ਪੰਜਾਬ ‘ਚ ਕਈ ਥਾਈਂ ਵੱਡੇ ਹਾਦਸੇ ਵਾਪਰਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।ਦੂਜੇ ਪਾਸੇ ਪਹਾੜਾਂ ‘ਤੇ ਬਰਫਬਾਰੀ ਜਾਰੀ ਹੈ।ਇਸ ਕਾਰਨ ਵੀ ਮੈਦਾਨੀ ਇਲਾਕਿਆਂ ‘ਚ ਠੰਡ ਜ਼ੋਰ ਫੜ ਰਹੀ ਹੈ।