Punjab Weather Today: ਅਪ੍ਰੈਲ ਮਹੀਨੇ ਨੇ ਆਉਂਦੇ ਸਾਰ ਗਰਮੀ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਲੋਕਾਂ ਨੇ ਹੁਣ ਤੋਂ ਹੀ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਪਰ ਇਸ ਸਭ ਦੇ ਦਰਮਿਆਨ ਲੋਕਾਂ ਲਈ ਕੁਝ ਰਾਹਤ ਦੀ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਵਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ‘ਚ ਵੱਡਾ ਬਦਲਾਅ ਹੋਣ ਵਾਲਾ ਹੈ। 2 ਪੱਛਮੀ ਗੜਬੜੀਆਂ ਰਾਜਸਥਾਨ ‘ਚ ਦਸਤਕ ਦੇਣ ਵਾਲੀਆਂ ਹਨ, ਜਿਸ ਕਾਰਨ ਭਾਰੀ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪੰਜਾਬ ‘ਚ ਦਿਨ ਦਾ ਤਾਮਪਾਨ ਆਮ ਨਾਲੋਂ ਥੋੜ੍ਹਾ ਜ਼ਿਆਦਾ ਚੱਲ ਰਿਹਾ ਹੈ ਤੇ ਰਾਤ ਦਾ ਘੱਟੋ-ਘੱਟ ਤਾਪਮਾਨ ਆਮ ਦਰਜ ਕੀਤਾ ਗਿਆ ਹੈ। ਪੰਜਾਬ ‘ਚ 10 ਅਪ੍ਰੈਲ ਨੂੰ ਦਿਨ ਦਾ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ ਹੈ ਤੇ ਚੰਡੀਗੜ੍ਹ ਦਾ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਏ. ਕੇ. ਸਿੰਘ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਯੈਲੋ ਅਲਰਟ ਜਾਰੀ ਕਰਨ ਦੌਰਾਨ ਕਿਹਾ ਕਿ 13 ਅਪ੍ਰੈਲ ਤੋਂ ਲੈ ਕੇ 15 ਅਪ੍ਰੈਲ ਤੱਕ ਪੰਜਾਬ ‘ਚ ਮੀਂਹ ਪਵੇਗਾ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਣਗੀਆਂ। ਤੂਫ਼ਾਨ ਦੇ ਨਾਲ-ਨਾਲ ਬਿਜਲੀ ਵੀ ਚਮਕੇਗੀ। ਇਸ ਤੋਂ ਇਲਾਵਾ 10 ਤੇ 11 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ‘ਚ ਮੀਂਹ ਪਵੇਗਾ।