ਫ਼ਿਰੋਜ਼ਪੁਰ ,23 ਜੂਨ
ਗੈਗਸਟਰ ਜੈਪਾਲ ਭੁੱਲਰ ਦੇ ਸਸਕਾਰ ਮੌਕੇ ਸ਼ਹਿਰ ਦਾ ਸ਼ਮਸ਼ਾਨਘਾਟ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਬਠਿੰਡਾ ਜੇਲ੍ਹ ’ਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਲਿਆਂਦਾ ਗਿਆ, ਜਿਥੇ ਹੱਥਕੜੀ ਸਮੇਤ ਉਸ ਨੇ ਆਪਣੇ ਭਰਾ ਦੇ ਸਸਕਾਰ ਦੀਆਂ ਆਖ਼ਰੀ ਰਸਮਾਂ ਪੂਰੀਆਂ ਕੀਤੀਆਂ। ਦੋਵੇਂ ਹੱਥਾਂ ਨਾਲ ਲੱਗੀ ਹੱਥਕੜੀ ਖੋਲ੍ਹਣ ਤੋਂ ਪੁਲੀਸ ਨੇ ਇਨਕਾਰ ਕਰ ਦਿੱਤਾ। ਅੰਮ੍ਰਿਤਪਾਲ ਨੂੰ ਪਰਿਵਾਰ ਦੇ ਨਾਲ ਜ਼ਿਆਦਾ ਦੇਰ ਗੱਲਬਾਤ ਵੀ ਨਹੀਂ ਕਰਨ ਦਿੱਤੀ ਗਈ। ਜਿਵੇਂ ਹੀ ਜੈਪਾਲ ਦੀ ਦੇਹ ਨੂੰ ਅਗਨੀ ਭੇਟ ਕੀਤੀ ਗਈ, ਉਸੇ ਵਕਤ ਪੁਲੀਸ ਅੰਮ੍ਰਿਤਪਾਲ ਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਈ। ਜਾਂਦੇ-ਜਾਂਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਨੇ ਜੈਪਾਲ ਦੇ ਪੁਲੀਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ। ਉਸ ਨੇ ਕਿਹਾ ਕਿ ਮੇਰੇ ਉੱਪਰ ਵੀ ਝੂਠੇ ਪੁਲੀਸ ਕੇਸ ਬਣਾ ਕੇ ਮੈਨੂੰ ਜੇਲ੍ਹ ਅੰਦਰ ਬੰਦ ਕੀਤਾ ਹੋਇਆ ਹੈ ਅਤੇ ਮੇਰੇ ਪਰਿਵਾਰ ਨੂੰ ਵੀ ਪੁਲੀਸ ਪ੍ਰੇਸ਼ਾਨ ਕਰ ਰਹੀ ਹੈ।