ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਸੁਰੱਖਿਆ ਵਾਪਸੀ ਨੂੰ ਲੈ ਕੇ ‘ਆਪ’ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਕਾਂਗਰਸ ਵਿਧਾਇਕ ਬਾਜਵਾ ਵੱਲੋਂ ਇਕ ਟਵੀਟ ਕੀਤਾ ਗਿਆ ਹੈ ਜਿਸ ‘ਚ ਉਹ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਕਿਹਾ ਹੈ ਕਿ ਘੱਲੂਘਾਰਾ ਹਫ਼ਤੇ ਨੂੰ ਧਿਆਨ ’ਚ ਰੱਖਦਿਆਂ ਕਈ ਲੋਕਾਂ ਦੀ ਅਸਥਾਈ ਤੌਰ ’ਤੇ ਸੁਰੱਖਿਆ ਵਾਪਸ ਲਈ ਗਈ ਸੀ। ਉਨ੍ਹਾਂ ਕਿਹਾ ਕਿ ਪਰ ਜਦੋਂ ਸੁਰੱਖਿਆ ’ਚ ਕਟੌਤੀ ਕੀਤੀ ਗਈ ਸੀ ਤਾਂ ਇਹੀ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਰਾਹੀਂ ਸੁਰੱਖਿਆ ਵਾਪਸੀ ਦਾ ਜਸ਼ਨ ਮਨਾ ਰਹੀ ਸੀ। ਉਨ੍ਹਾਂ ਕਿਹਾ ਕਿ ਕੀ ਅੱਜ ਇਹ ਸਰਕਾਰ ਝੂਠ ਬੋਲ ਰਹੀ ਹੈ ਜਾਂ ਮਾਣਯੋਗ ਹਾਈਕੋਰਟ ਨੂੰ ਗੁੰਮਰਾਹ ਕਰ ਰਹੀ ਹੈ?
ਦੱਸ ਦੇਈਏ ਕਿ ‘ਆਪ’ ਸਰਕਾਰ ਨੇ 28 ਮਈ ਨੂੰ ਕਈ ਡੇਰਾ ਮੁਖੀਆਂ ਸਮੇਤ 424 ਲੋਕਾਂ ਦੀ ਸੁਰੱਖਿਆ ’ਚ ਕਟੌਤੀ ਕਰ ਦਿੱਤੀ ਸੀ। ਇਸ ਤਰ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਵੀ ਸੁਰੱਖਿਆ ’ਚ ਕਟੌਤੀ ਕੀਤੀ ਗਈ ਸੀ ਤੇ 29 ਮਈ ਨੂੰ ਉਨ੍ਹਾਂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦਰਦਨਾਕ ਕਤਲ ਤੋਂ ਬਾਅਦ ਸੁਰੱਖਿਆ ਘਟਾਉਣ ਨੂੰ ਲੈ ਕੇ ‘ਆਪ’ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਸੀ।