ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਨੇ ਅੱਜ ਪੰਜਾਬ ਦੇ ਮੁੱਦਿਆਂ ‘ਤੇ ਆਮ ਆਦਮੀ ਪਾਰਟੀ ਦੀ ਸੋਚ ਨੂੰ ਲੈ ਕੇ ਪ੍ਰੋ-ਪੰਜਾਬ ਦੇ ਪੱਤਰਕਾਰ ਬਿਕਰਮ ਸਿੰਘ ਕੰਬੋਜ਼ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਕਿਹੜੇ ਮੁੱਦੇ ਪੰਜਾਬ ਦੇ ਲੋਕਾਂ ਅੱਗੇ ਲਿਆਉਣੇ ਚਾਹੀਦੇ ਹਨ, ਬਾਰੇ ਗੱਲ ਕੀਤੀ ਉਥੇ ਹੀ ਉਨ੍ਹਾਂ ਆਪਣੀ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਵੀ ਵਿੰਨ੍ਹੇ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਉਹ ਸਾਰੇ ਮਸਲੇ ਹੱਲ ਕਰਨ ਦੀ ਗੱਲ ਕਹਿ ਰਹੇ ਹਨ ਅਤੇ ਦੂਜੇ ਪਾਸੇ ਈ.ਡੀ. ਦੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਦੇ ਆਪਣੇ ਹੀ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਦੀ ਰਕਮ ਮਿਲ ਜਾਂਦੀ ਹੈ। ਸੀ.ਐਮ. ਚੰਨੀ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਮਿਹਨਤ ਨਾਲ ਇੰਨੀ ਰਕਮ ਇੱਕਠੀ ਨਹੀਂ ਹੁੰਦੀ ਜੇਕਰ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹਾ ਕਿਹੜਾ ਕੰਮ ਹੈ ਜਿਸ ਨੂੰ ਕਰਨ ਨਾਲ ਕਰੋੜਾਂ ਰੁਪਏ ਮਿਲਦੇ ਹਨ।
ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਸੁੰਹ ਚੁੱਕ ਕੇ ਸਰਕਾਰ ਬਣਾਈ ਸੀ ਪਰ ਕੰਮ ਦੇ ਨਾਂ ‘ਤੇ ਕੁਝ ਨਹੀਂ ਕੀਤਾ ਅਤੇ ਅੱਜ ਦੇਖ ਲਵੋ ਉਨ੍ਹਾਂ ਦਾ ਕੀ ਹਾਲ ਹੈ। ਕਾਂਗਰਸ ਸਰਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2017 ਦੇ ਮੈਨੀਫੈਸਟੋ ‘ਚ ਵੀ ਉਹ ਇਹ ਹੀ ਮੁੱਦੇ ਚੁੱਕ ਰਹੇ ਸਨ ਜਿਹੜੇ ਕੀ ਹੁਣ ਦੇ ਮੈਨੀਫੈਸਟੋ ‘ਚ ਹਨ।
ਭਗਵੰਤ ਮਾਨ ਨੂੰ ਸੀ.ਐਮ. ਚਿਹਰਾ ਐਲਾਨੇ ਜਾਣ ਦੇ ਫੈਸਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਪੰਜਾਬ ਦਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਹੀ ਕਿਸੇ ਖਾਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਦਿੰਦੇ ਸਨ ਪਰ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਨਤਾ ਨੇ ਖੁੱਦ ਆਪਣਾ ਮੁੱਖ ਮੰਤਰੀ ਦਾ ਚਿਹਰਾ ਚੁਣਿਆ ਹੈ।
ਅੱਗੇ ਉਨ੍ਹਾਂ ਕਿਹਾ ਕਿ ਜੇਕਰ ਇਕ ਵਾਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਪੰਜਾਬ ਦੇ ਲੋਕ ਦੁਬਾਰਾ ਕਿਸੇ ਹੋਰ ਪਾਰਟੀ ਵੱਲ ਮੁੰਹ ਨਹੀਂ ਕਰਨਗੇ। ਜਿਵੇਂ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਉਣ ਤੋਂ ਬਾਅਦ ਉਥੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਸਫਾਇਆ ਹੋ ਗਿਆ ਹੈ। ਉਸੇ ਤਰ੍ਹਾਂ ਪੰਜਾਬ ‘ਚ ਵੀ ਸਾਰੀਆਂ ਪਾਰਟੀਆਂ ਜੀਰੋ ‘ਤੇ ਸਿਮਟ ਕੇ ਰਹਿ ਜਾਣਗੀਆਂ।
ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੈਬਨਿਟ ‘ਚ ਆਪਣੇ ਅਹੁਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਪੰਜਾਬ ਦੇ ਖਾਲੀ ਖਜ਼ਾਨੇ ਨੂੰ ਭਰਨ ਦੀ ਉਹ ਡਿਊਟੀ ਲੈਣਗੇ ਅਤੇ ਪੰਜਾਬ ਦੇ ਖਜ਼ਾਨੇ ਨੂੰ ਦੁਬਾਰਾ ਕੁਬੇਰ ਦਾ ਖਜ਼ਾਨਾ ਬਣਾਉਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ‘ਤੇ ਪੰਜਾਬ ਦਾ 50 ਹਜ਼ਾਰ ਕਰੋੜ ਰੁਪਏ ਜਨਰੇਟ ਵੀ ਹੋਵੇਗਾ।