ਮੋਹਾਲੀ ਦੀ ਵਸਨੀਕ ਅਨੂਰੀਤ ਪਾਲ ਕੌਰ ਨੇ ਸਖ਼ਤ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ।
ਉਸ ਨੇ ਇਹ ਨਾਮ ਪੰਜਾਬੀ ਲੋਕ ਸਾਜ਼ ਅਲਗੋਜ਼ਾ ਵਜਾਉਣ ਵਾਲੀ ਦੁਨੀਆ ਦੀ ਪਹਿਲੀ ਕੁੜੀ ਹੋਣ ਕਰਕੇ ਦਰਜ ਕਰਵਾਇਆ। ਅਨੂਰੀਤ ਨੇ ਇਹ ਕਲਾ ਆਪਣੇ ਉਸਤਾਦ ਇੰਟਰਨੈਸ਼ਨਲ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਜੀ ਦੀ ਸ਼ਾਗਿਰਦੀ ਵਿੱਚ ਸਿੱਖੀ। ਉਸ ਵਲੋਂ ਇਹ ਨਾਮ ਦਰਜ ਕਰਵਾ ਕੇ ਆਪਣੇ ਪ੍ਰੀਵਾਰ, ਉਸਤਾਦ ਤੇ ਟ੍ਰਾਈਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਅਨੂ ਨੇ ਇਹ ਕਲਾ 2017 ਵਿੱਚ ਸਿੱਖਣੀ ਸ਼ੁਰੂ ਕੀਤੀ।
ਅਨੂ ਨੂੰ ਅਲਗੋਜ਼ੇ ਵਜਾਉਣ ਦੇ ਨਾਲ ਨਾਲ ਘੋੜਸਵਾਰੀ, ਪੰਜਾਬੀ ਲੋਕ ਨਾਚਾਂ ਤੋਂ ਇਲਾਵਾ ਗੱਤਕਾ ਖੇਡ ਵਿਚ ਵੀ ਮੁਹਾਰਤ ਹਾਸਲ ਹੈ। ਓਹ ਕਈ ਵਾਰੀ ਕੌਮੀ ਤੇ ਕੌਮਾਂਤਰੀ ਪੱਧਰ ਤੇ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੀ ਹੈ। ਅਨੂਰੀਤ ਦੇ ਮਾਤਾ ਸੁਖਬੀਰ ਪਾਲ ਕੌਰ ਤੇ ਪਿਤਾ ਨਰਿੰਦਰ ਨੀਨਾ ਵੀ ਬਹੁਤ ਵਧੀਆ ਕਲਾਕਾਰ ਤੇ ਲੋਕ ਕਲਾਵਾਂ ਦੇ ਗਿਆਤਾ ਹਨ। ਅਨੂਰੀਤ ਨੇ ਗੱਤਕਾ ਖੇਡਣ ਦੀ ਕਲਾ ਆਪਣੇ ਨਾਨਾ ਗੁਰਪ੍ਰੀਤ ਸਿੰਘ ਖ਼ਾਲਸਾ ਤੋਂ ਸਿੱਖੀ। ਓਹ ਆਪਣੇ ਵੀਰ ਹਰਕੀਰਤ ਤੇ ਮਨਦੀਪ ਤੋਂ ਇਲਾਵਾ ਆਪਣੇ ਸਾਥੀਆਂ ਤੇ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਦੇ ਸਾਥ ਤੇ ਹੌਂਸਲਾ ਅਫ਼ਜਾਈ ਸਦਕਾ ਇਹ ਸੰਭਵ ਹੋ ਸਕਿਆ ਹੈ।
ਅਨੂਰੀਤ ਨੂੰ ਇੰਡੀਆ ਬੁੱਕ ਆਫ ਰਿਕਾਰਡ ਵਲੋਂ ਇੱਕ ਸਰਟੀਫਿਕੇਟ, ਮੈਡਲ , ਆਈ ਕਾਰਡ, ਪੈਨ, ਬੈਚ ਭੇਜਿਆ ਗਿਆ ਹੈ। ਅਨੂਰੀਤ ਨੇ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹੋਰ ਮਿਹਨਤ ਕਰਨ ਦਾ ਭਰੋਸਾ ਦਿੱਤਾ ਹੈ।