ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁਕੇ ਨਵਜੋਤ ਸਿੰਘ ਸਿੱਧੂ ਅੱਜ ਬਹਿਬਲ ਕਲਾਂ ਵਿਖੇ ਚੱਲ ਰਹੇ ਧਰਨੇ ‘ਚ ਪਹੁੰਚੇ। ਜਿਥੇ ਉਨ੍ਹਾਂ ਦੇ ਨਾਲ ਕਈ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ। ਉਥੇ ਬਹਿਬਲ ਕਲਾਂ ਵਿਖੇ ਉਨ੍ਹਾਂ ਇਨਸਾਫ਼ ਲੈਣ ਲਈ ਮੋਰਚਾ ਲਾ ਕੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ। ਉਥੇ ਉਨ੍ਹਾਂ ਦਾ ਇਕ ਬਿਆਨ ਵੀ ਦੇਖਣ ਨੂੰ ਮਿਲਿਆ ‘ਇੰਤਹਾ ਹੋ ਗਈ ਇੰਤਜ਼ਾਰ ਕੀ’। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਸਲਾ ਇਕੱਲਾ ਸੁਖਰਾਜ ਦਾ ਨਹੀਂ ਹੈ, ਇਹ ਮਸਲਾ ਨਿਆਂ ਦਾ ਹੈ, ਜਿਹੜਾ ਕਿ ਸੰਵਿਧਾਨ ਦਾ ਸਭ ਤੋਂ ਵੱਡਾ ਸਤੰਭ ਹੈ।
ਸਿੱਧੂ ਨੇ ਕਿਹਾ ਕਿ ਜਿਹੜੀ ਰਾਜਸੱਤਾ ਧਰਮ ਦੀ ਰੱਖਿਆ ਨਹੀਂ ਕਰ ਸਕਦੀ, ਉਸ ਦਾ ਕੋਈ ਕੋਈ ਵਜੂਦ ਨਹੀਂ, ਉਹ ਕਿਸੇ ਕੰਮ ਦੀ ਨਹੀਂ। ਸਿੱਧੂ ਨੇ ਕਿਹਾ ਕਿ ਮੈਂ ਸੱਤਾ ਛੱਡ ਕੇ ਝੋਲੀਆਂ ਵੀ ਅੱਡੀਆਂ ਮੁੱਖ ਮੰਤਰੀਆਂ ਅੱਗੇ ਡਟਿਆ। ਤਿੰਨ ਸਿੱਟਾਂ, ਚਾਰ ਹੋਮ ਮਨਿਸਟਰ, ਤਿੰਨ ਮੁੱਖ ਮੰਤਰੀ ਇਸ ਨੂੰ ਲੁਕਾਉਂਦੇ ਰਹੇ ਕਿਉਂਕਿ ਉਨ੍ਹਾਂ ਦੀ ਇਨਸਾਫ਼ ਦੇਣ ਦੀ ਨੀਅਤ ਨਹੀਂ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਗੱਲ ਨੂੰ ਫਿਰ ਵੀ ਨਹੀਂ ਸਮਝੇ ਕਿ ਪੰਜਾਬ ਦੀ ਜਨਤਾ ਇਨਸਾਫ ਚਾਹੁੰਦੀ ਹੈ। ਇਹ ਮਾਮਲਾ ਪੰਜਾਬ ਦੇ ਲੋਕਾਂ ਦੀ ਆਤਮਾ ਦਾ ਨਾਸੂਰ ਬਣ ਗਿਆ ਹੈ ਜੋ ਕਿ ਅੱਜ ਵੀ ਰਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੌਕਾ ਮਿਲਿਆ, ਮੈਂ ਇਸ ਮਸਲੇ ਨੂੰ ਚੁੱਕਦਾ ਰਿਹਾ ਕਿਉਂਕਿ ਮੈਂ ਪਾਪ ਦਾ ਭਾਗੀ ਨਹੀਂ ਬਣਨਾ ਚਾਹੁੰਦਾ ਸੀ। ਅੱਜ ਵੀ ਇਹ ਮੁੱਦਾ ਉਸੇ ਤਰ੍ਹਾਂ ਹੀ ਜਿਊਂਦਾ ਹੈ। ਜਿਹੜੇ ਇਨਸਾਫ਼ ਨਹੀਂ ਕਰ ਸਕੇ, ਜਾ ਕਰਨਾ ਨਹੀਂ ਚਾਹੁੰਦੇ ਸਨ ਉਨ੍ਹਾਂ ਦਾ ਕੀ ਬਣਿਆ ਇਹ ਸਾਰਾ ਪੰਜਾਬ ਜਾਣਦਾ ਹੈ।