ਚੰਡੀਗੜ੍ਹ, 10 ਜੂਨ 2021 : ਦੇਸ਼ ‘ਚ ਲੰਬੇ ਸਮੇਂ ਤੋਂ ਆਏ ਦਿਨ ਵਿਵਾਦਾਂ ‘ਚ ਆਉਣ ਵਾਲੇ ਰਾਮਦੇਵ ਕੋਰੋਨਾ ਕਾਲ ‘ਚ ਇੱਕ ਅਜਿਹਾ ਬਿਆਨ ਦਿੰਦੇ ਨੇ ਜਿਸ ਦਾ ਬਹੁਤ ਸਾਰੇ ਡਾਕਰਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ| ਐਲੋਪੈਥੀ ਦੇ ਇਲਾਜ ਤੇ ਟਿੱਪਣੀ ਕਰਕੇ ਵਿਵਾਦਾਂ ‘ਚ ਘਿਰੇ ਯੋਗਗੁਰੂ ਬਾਬਾ ਰਾਮਦੇਵ ਵੀ ਹੁਣ ਕੋਰੋਨਾ ਵੈਕਸੀਨ ਲਵਾਉਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਜੂਨ ਤੋਂ ਦੇਸ਼ ਭਰ ‘ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਮੁਪਤ ਵੈਕਸੀਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ। ਇਸ ਨੂੰ ਲੈਕੇ ਰਾਮਦੇਵ ਨੇ ਵੀ ਸਾਰਿਆਂ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੈਂ ਜਲਦ ਹੀ ਵੈਕਸੀਨ ਲਵਾਵਾਂਗਾ।
ਰਾਮਦੇਵ ਨੇ ਲੋਕਾਂ ਨੂੰ ਕਿਹਾ ਕਿ ਉਹ ਯੋਗ ਤੇ ਆਯੁਰਵੇਦ ਦਾ ਅਭਿਆਸ ਕਰਨ। ਯੋਗ ਬਿਮਾਰੀਆਂ ਖਿਲਾਫ ਇਕ ਢਾਲ ਦੇ ਰੂਪ ‘ਚ ਕੰਮ ਕਰਦਾ ਹੈ ਤੇ ਕੋਰੋਨਾ ਨਾਲ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਾਉਂਦਾ ਹੈ।
ਡਰੱਗ ਮਾਫੀਆ ‘ਤੇ ਟਿੱਪਣੀ ਕਰਦਿਆਂ ਰਾਮਦੇਵ ਨੇ ਕਿਹਾ ‘ਸਾਡੀ ਕਿਸੇ ਸੰਗਠਨ ਨਾਲ ਦੁਸ਼ਮਨੀ ਨਹੀਂ ਹੈ ਤੇ ਸਾਰੇ ਚੰਗੇ ਡਾਕਟਰ ਇਸ ਧਰਤੀ ‘ਤੇ ਰੱਬ ਵੱਲੋਂ ਭੇਜੇ ਦੂਤ ਹਨ। ਉਹ ਇਸ ਗ੍ਰਹਿ ਲਈ ਉਪਹਾਰ ਹਨ। ਸਾਡੀ ਲੜਾਈ ਦੇਸ਼ ਦੇ ਡਾਕਟਰਾਂ ਨਾਲ ਨਹੀਂ ਹੈ ਜੋ ਡਾਕਟਰ ਸਾਡਾ ਵਿਰੋਧ ਕਰ ਰਹੇ ਹਨ, ਉਹ ਕਿਸੇ ਸੰਸਥਾ ਜ਼ਰੀਏ ਨਹੀਂ ਕਰ ਰਹੇ।’
ਰਾਮਦੇਵ ਨੇ ਕਿਹਾ- ‘ਅਸੀਂ ਚਾਹੁੰਦੇ ਹਾਂ ਦਵਾਈਆਂ ਦੇ ਨਾਂਅ ‘ਤੇ ਕਿਸੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਲੋਕਾਂ ਨੂੰ ਗੈਰ ਜ਼ਰੂਰੀ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਕਿ ਐਲੋਪੈਥੀ ਐਮਰਜੈਂਸੀ ਮਾਮਲਿਆਂ ਤੇ ਸਰਜਰੀ ਲਈ ਬਿਹਤਰ ਹੈ।’ ਉਨ੍ਹਾਂ ਕਿਹਾ ‘ਪ੍ਰਧਾਨ ਮੰਤਰੀ ਜਨ ਔਸ਼ਧੀ ਸਟੋਰ ਖੋਲਣਾ ਪਿਆ ਕਿਉਂਕਿ ਡਰੱਗ ਮਾਫੀਆ ਨੇ ਫੈਂਸੀ ਦੁਕਾਨਾਂ ਖੋਲੀਆਂ ਹਨ। ਜਿੱਥੇ ਉਹ ਬੁਨਿਆਦੀ ਤੇ ਲੋੜੀਂਦੀਆਂ ਦਵਾਈਆਂ ਦੀ ਬਜਾਏ ਵੱਧ ਕੀਮਤਾਂ ਤੇ ਗੈਰ ਜ਼ਰੂਰੀ ਦਵਾਈਆਂ ਵੇਚ ਰਹੇ ਹਨ।’