ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੇਂਦਰੀ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪ੍ਰੋ-ਪੰਜਾਬ ਦੇ ਸੰਸਥਾਪਕ ਅਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਇੰਟਰਵਿਊ ਕੀਤੀ। ਇੰਟਰਵਿਊ ‘ਚ ਹੋਈਆਂ ਗੱਲਾਂਬਾਤਾਂ ਦੌਰਾਨ ਜਿੱਥੇ ਉਨ੍ਹਾਂ ਕਾਂਗਰਸ ਪਾਰਟੀ ਸਮੇਤ ਬਾਕੀ ਵਿਰੋਧੀਆਂ ਪਾਰਟੀਆਂ ‘ਤੇ ਨਿਸ਼ਾਨੇ ਵਿੰਨ੍ਹੇ ਉਥੇ ਹੀ ਉਨ੍ਹਾਂ ‘ਆਪ’ ਦੇ ਸੀ.ਐਮ. ਚਿਹਰੇ ਬਾਰੇ ਵੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਪੈਸਾ ਤਾਂ ਇੰਨਾਂ ਨਹੀਂ ਕਮਾਇਆ ਮੈਂ ਤਾਂ ਸਿਰਫ ਵਿਸ਼ਵਾਸ਼ ਕਮਾਇਆ ਹੈ। ਉਨ੍ਹਾਂ ਕਿਹਾ ਮੈਂ ਇਕ ਆਮ ਜਿਹੇ ਘਰ ‘ਚੋਂ ਉੱਠ ਪਹਿਲਾਂ ਆਰਟਿਸਟ ਦੇ ਤੌਰ ‘ਤੇ ਮਸ਼ਹੂਰ ਹੋਇਆ ਅਤੇ ਪੰਜਾਬ ਦੇ ਲੋਕਾਂ ਨੇ ਹੁਣ ਮੈਨੂੰ ਸਿਆਸਤ ‘ਚ ਸਵਿਕਾਰਿਆ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਮੇਰੇ ‘ਤੇ ਬਹੁਤ ਵਿਸ਼ਵਾਸ਼ ਕਰਦੇ ਹਨ ਅਤੇ ਮੈਂ ਉਨ੍ਹਾਂ ਦੇ ਇਸ ਵਿਸ਼ਵਾਸ਼ ‘ਤੇ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਰਹਾਂਗਾ।
‘ਆਪ’ ਦੇ ਸੀ.ਐਮ. ਚਿਹਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਬੰਦ ਕਮਰਿਆਂ ‘ਚ ਹੀ ਚਿਹਰੇ ਦਾ ਫੈਸਲਾ ਕਰ ਲਿਆ ਜਾਂਦਾ ਸੀ ਪਰ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਲੋਕਾਂ ਦੀ ਰਾਇ ਮੁਤਾਬਕ ਸੀ.ਐਮ. ਚਿਹਰੇ ਦਾ ਐਲਾਨ ਹੋਵੇਗਾ। ਉਨ੍ਹਾਂ ਕਿਹਾ ਸਾਡੇ ਵੱਲੋਂ ਤਾਂ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਹੁਣ ਤਾਂ ਪੰਜਾਬ ਦੇ ਲੋਕ ਹੀ ਤੈਅ ਕਰਨਗੇ ਹਾਂ ਜੇਕਰ ਉਸ ‘ਚ ਮੇਰਾ ਨਾਂ ਆਉਂਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ ਕਿ ਪੰਜਾਬ ਦੇ ਲੋਕਾਂ ਨੇ ਮੇਰੇ ‘ਤੇ ਵਿਸ਼ਵਾਸ਼ ਦਿਖਾਇਆ ਹੈ ਅਤੇ ਮੈਂ ਹੋਰ ਜੋਸ਼ ਨਾਲ ਕੰਮ ਕਰਾਂਗਾ।
ਚੰਨੀ ਦੇ 111 ਦਿਨਾਂ ‘ਚ 1100 ਕੰਮਾਂ ਨੂੰ ਉਨ੍ਹਾਂ ਝਾਂਸਾ ਦੱਸਦਿਆਂ ਕਿਹਾ ਕਿ ਸਿਰਫ ਗੱਲਾਂ ਜਾਂ ਐਲਾਨ ਕਰਨ ਨਾਲ ਇਹ ਸਾਰੇ ਕੰਮ ਨਹੀਂ ਹੋ ਜਾਣੇ। ਉਨ੍ਹਾਂ ਕਿਹਾ ਕਿ ਸੀ.ਐਮ. ਵੱਲੋਂ ਸਿਰਫ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੀ. ਐਮ. ਚੰਨੀ ਵੱਲੋਂ 31 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ‘ਚੋਂ 36 ਵੀ ਪੱਕੇ ਨਹੀਂ ਹੋਏ ਹਨ ਅਤੇ ਇਨ੍ਹਾਂ ਦੀ ਸਰਕਾਰ ਨੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਪੂਰੇ ਪੰਜਾਬ ‘ਚ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਮੁਹੱਲੇ ਦੀ ਕ੍ਰਿਕਟ ਟੀਮ ਵਰਗੀ ਹੋ ਗਈ। ਜਿਵੇਂ ਮੁਹੱਲੇ ਦੀ ਕ੍ਰਿਕਟ ਟੀਮ ਦਾ ਕੋਈ ਕਪਤਾਨ ਨਹੀਂ ਹੁੰਦਾ ਉਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਕਪਤਾਨ ਤੋਂ ਵਾਂਝੀ ਰਹੀ, ਇਸ ਲਈ ਸਾਰੇ ਆਪਣੀ ਮਨਮਰਜ਼ੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਹੱਥ ‘ਚ ਬੈਟ ਸੀ ਅਤੇ ਚੰਨੀ ਦੇ ਹੱਥ ‘ਚ ਗੇਂਦ, ਦੋਵੇਂ ਹੀ ਆਪਣੀ-ਆਪਣੀ ਕਰ ਰਹੇ ਸਨ। ਉਨ੍ਹਾਂ ਕਿਹਾ ਨਵਜੋਤ ਸਿੱਧੂ ਤਾਂ ਕਈ ਵਾਰ ਬੈਟ ਲੈ ਕੇ ਘਰ ਵੀ ਚਲਾ ਗਿਆ ਅਤੇ ਉਸਨੂੰ ਬੜ੍ਹੀ ਮੁਸ਼ਕਿਲ ਨਾਲ ਮਨਾ ਕੇ ਵਾਪਿਸ ਲਿਆਂਦਾ ਗਿਆ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਬੂਰਾ ਹਾਲ ਹੈ ਸਕੂਲ ਤਾਂ ਅਧਿਆਪਕਾਂ ਤੋਂ ਵਾਂਝੇ ਹਨ ਪਰ ਸਕੂਲ ਦੇ ਨਾਲ ਦੀ ਪਾਣੀ ਵਾਲੀ ਟੈਂਕੀ ਅਧਿਆਪਕਾਂ ਨਾਲ ਭਰੀ ਹੋਈ ਹੈ।
ਪੰਜਾਬ 2022 ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਉਨ੍ਹਾਂ ਪਾਰਟੀਆਂ ਨੂੰ ਸਵਾਲ ਹੋਣਾ ਚਾਹੀਦਾ ਹੈ ਜੋ ਕਿ ਹਰ ਸਮੇਂ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਰਹਿੰਦੇ ਹਨ। ਵਿਰੋਧੀ ਪਾਰਟੀਆਂ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਇਹ ਬਾਰ-ਬਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੂੰ ਬਾਹਰਲੇ ਦਸਦੇ ਹੋਏ ਪੰਜਾਬ ‘ਚ ਨਾ ਆਉਣ ਦੀਆਂ ਗੱਲਾਂ ਕਰਦੇ ਹਨ। ਦੂਜੇ ਪਾਸੇਂ ਇਨ੍ਹਾਂ ਦੇ ਕੇਂਦਰੀ ਮੰਤਰੀ ਹਰੀਸ਼ ਰਾਵਤ ਅਤੇ ਹਰੀਸ਼ ਚੌਧਰੀ ਵੀ ਤਾਂ ਪੰਜਾਬ ਆਉਂਦੇ ਹਨ, ਕਿਉਂ ਇਹ ਬਾਹਰਲੇ ਨਹੀਂ।