ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ ਗਈਆਂ। ਇਸ ਦੌਰਾਨ ਭਾਰੀ ਮਸ਼ੱਕਤ ਤੋਂ ਬਾਅਦ ਪੁਲਿਸ ਵਲੋਂ ਆਪਣੀ ਗੱਡੀ ਵਿਚ ਸੁਰਜੀਤ ਕੁਮਾਰ ਜਿਆਣੀ ਨੂੰ ਮੌਕੇ ‘ਤੇ ਕੱਢਿਆ ਗਿਆ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵਲੋਂ ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਪ੍ਰੈਸ ਕਾਨਫ਼ਰੰਸ ਸੱਦੀ ਗਈ ਸੀ। ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਕਿਸਾਨ ਜਥੇਬੰਦੀਆਂ ਸੁਰਜੀਤ ਕੁਮਾਰ ਜਿਆਣੀ ਦੇ ਨਿੱਜੀ ਦਫ਼ਤਰ ਦਾ ਘਿਰਾਓ ਕਰਨ ਲਈ ਪਹੁੰਚ ਗਈਆਂ। ਜਿੱਥੇ ਕਿਸਾਨਾਂ ਨੇ ਦਫ਼ਤਰ ਦਾ ਘਿਰਾਓ ਕਰਦਿਆਂ ਕੇਂਦਰ ਸਰਕਾਰ ਤੇ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋ ਬਾਅਦ ਜ਼ਿਲ੍ਹਾ ਪੁਲਿਸ ਦੇ ਆਲਾ ਅਧਿਕਾਰੀਆਂ ਵਲੋਂ ਭਾਰੀ ਪੁਲਿਸ ਬਲ ਦੀ ਮਦਦ ਨਾਲ ਸੁਰਜੀਤ ਕੁਮਾਰ ਜਿਆਣੀ ਨੂੰ ਆਪਣੀ ਗੱਡੀ ਵਿਚ ਮੌਕੇ ‘ਤੇ ਲਿਜਾਇਆ ਗਿਆ।
ਦਰਅਸਲ ਬੀਤੇ ਦਿਨ ਕਿਸਾਨਾਂ ਨੇ ਫਾਜ਼ਿਲਕਾ ਦੇ ਆਜਮਵਾਲਾ ਵਿਚ ਜਮੀਨ ਵਾਹ ਰਿਹਾ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਟਰੈਕਟਰ ਰੋਕ ਲਿਆ। ਇਸ ਮੌਕੇ ਕਿਸਾਨਾਂ ਨੇ ਹੱਥਾਂ ਵਿਚ ਝੰਡੇ ਫੜ੍ਹੇ ਹੋਏ ਸਨ। ਉਧਰ, ਜਿਆਣੀ ਦਾ ਇਲਜਾਮ ਹੈ ਕਿ ਕੁਝ ਲੋਕ ਕਿਸਾਨੀ ਝੰਡੇ ਲੈ ਕੇ ਗੁੰਡਾਗਰਦੀ ਕਰ ਰਹੇ। ਉਨ੍ਹਾਂ ਕਿਹਾ ਕਿ ਇਹ ਪੈਲੀ ਉਸ ਦੇ ਸਾਢੂ ਦੀ ਹੈ ਤੇ ਉਹ ਵਾਹ ਰਿਹਾ ਹੈ। ਦਰਅਸਲ ਕੁਝ ਕਿਸਾਨਾਂ ਨੇ 1975 ‘ਚ ਇਸ ਜ਼ਮੀਨ ਨੂੰ ਖਰੀਦਣ ਦਾ ਦਾਅਵਾ ਕੀਤਾ ਤੇ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਜਿਆਣੀ ਨੇ ਇਸ ਪੈਲੀ ਉਤੇ ਕਬਜ਼ਾ ਕੀਤਾ ਹੋਇਆ ਹੈ ਤੇ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਜਦੋਂ ਜਿਆਣੀ ਮੰਤਰੀ ਸਨ ਤਾਂ ਉਨ੍ਹਾਂ ਨੇ ਧੱਕੇ ਨਾਲ ਜ਼ਮੀਨ ਉਤੇ ਕਬਜ਼ਾ ਕਰ ਲਿਆ ਸੀ। ਹਾਲਾਂਕਿ ਜਿਆਣੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਅੱਜ ਜਦੋਂ ਜਿਆਣੀ ਦਾ ਡਰਾਇਵਰ ਪੈਲੀ ਵਾਹ ਰਿਹਾ ਸੀ ਤਾਂ ਉਥੇ ਹੱਥਾਂ ਵਿਚ ਝੰਡੇ ਚੁੱਕੀ ਕਿਸਾਨ ਪਹੁੰਚ ਗਏ ਤੇ ਉਨ੍ਹਾਂ ਨੇ ਟਰੈਕਟਰ ਨੂੰ ਰੋਕ ਦਿੱਤਾ।