ਚੰਡੀਗੜ੍ਹ – ਇਕ ਕੁੜੀ ਨੇ ਜ਼ਹਿਰ ਦੇ ਕੇ ਆਪਣਾ ਸਾਰਾ ਪਰਿਵਾਰ ਖ਼ਤਮ ਕਰ ਦਿੱਤਾ ਤੇ ਬਾਅਦ ਵਿਚ ਆਪ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਜਗਰਾਓਂ ਨੇੜੇ ਪੈਂਦੇ ਪਿੰਡ ਸੋਢੀਵਾਲ ਦੀ ਹੈ। ਇਸ ਘਟਨਾ ਨੇ ਸਾਰੇ ਪਿੰਡ ਵਿਚ ਸੋਗਮਈ ਮਾਹੌਲ ਸਿਰਜ ਦਿੱਤਾ ਹੈ। ਖੁਦਕੁਸ਼ੀ ਦਾ ਕਾਰਨ ਮਾਨਸਿਕ ਪਰੇਸ਼ਾਨੀ ਦੱਸਿਆ ਜਾ ਰਿਹਾ ਹੈ। ਪਿੰਡ ਦੇ ਕੁਝ ਲੋਕਾਂ ਅਨੁਸਾਰ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਵਾਸੀ ਸੋਢੀਵਾਲ ਸੱਤ ਸਾਲ ਪਹਿਲਾਂ ਛੱਤ ਤੋਂ ਡਿੱਗਣ ਨਾਲ ਉਸ ਦੇ ਇਲਾਜ ਨੂੰ ਲੈ ਕੇ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਤੇ ਉਹ ਘਰ ਵਿਚ ਹੀ ਬੇਹੋਸ਼ੀ ਦੀ ਹਾਲਤ ਵਿਚ ਪਿਆ ਰਹਿੰਦਾ ਸੀ। ਇਸ ਕਰਕੇ ਸਾਰਾ ਪਰਿਵਾਰ ਪਰੇਸ਼ਾਨ ਰਹਿੰਦਾ ਸੀ।
ਦੋ ਸਾਲ ਪਹਿਲਾਂ ਪਿਤਾ ਦੀ ਮੌਤ ਹੋਣ ਤੋਂ ਬਾਅਦ ਮਾਂ ਅਤੇ ਭੈਣ ਹੋਰ ਜ਼ਿਆਦਾ ਸਦਮੇ ਵਿਚ ਰਹਿਣ ਲੱਗੀਆਂ। ਮਾਂ ਜਸਵੀਰ ਕੌਰ (58) ਦੇ ਕੁਝ ਦਿਨਾਂ ਪਹਿਲਾਂ ਸੱਟ ਲੱਗਣ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਹੋਈ ਮਨਦੀਪ ਕੌਰ (27) ਨੇ ਮਾਂ ਤੇ ਭਰਾ ਨੂੰ ਖਾਣੇ ਵਿਚ ਕੁਝ ਜ਼ਹਿਰੀਲਾ ਪਦਾਰਥ ਦੇ ਦਿੱਤਾ ਤੇ ਬਾਅਦ ਵਿਚ ਆਪ ਵੀ ਖਾ ਲਿਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਲੋਕਾਂ ਨੇ ਪਰਿਵਾਰ ਨੂੰ ਜਗਰਾਓਂ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਸਾਰੇ ਪਰਿਵਾਰ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਦਿੰਦਿਆਂ ਏ ਐਸ ਆਈ ਤੀਰਥ ਸਿੰਘ ਨੇ ਦੱਸਿਆ ਕਿ 174 ਧਾਰਾ ਦੇ ਤਹਿਤ ਤਿੰਨੋਂ ਲਾਸ਼ਾਂ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਦੇ ਦਿੱਤੀਆਂ ਗਈ ਤੇ ਸੰਸਕਾਰ ਕਰ ਦਿੱਤਾ ਗਿਆ ਹੈ।