ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਐਲਾਨੇ ਗਏ ਆਰਥਿਕ ਪੈਕੇਜ ’ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਇਸ ਪੈਕੇਜ ਨੂੰ ਪਾਖੰਡ ਦੱਸਿਆ ਹੈ ।
ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, ‘ਖਜ਼ਾਨਾ ਮੰਤਰੀ ਦੇ ਆਰਥਿਕ ਪੈਕੇਜ ਨੂੰ ਕੋਈ ਪਰਿਵਾਰ ਆਪਣੇ ਰਹਿਣ, ਖਾਣ-ਪੀਣ, ਦਵਾਈ, ਬੱਚਿਆਂ ਦੀ ਸਕੂਲ ਫੀਸ ’ਤੇ ਖਰਚ ਨਹੀਂ ਕਰ ਸਕਦਾ। ਪੈਕੇਜ ਨਹੀਂ ਇੱਕ ਹੋਰ ਪਾਖੰਡ!’
ਦੱਸ ਦਈਏ ਕਿ ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਘਾਟੇ ਵਿੱਚ ਗਏ ਵੱਖ-ਵੱਖ ਖੇਤਰਾਂ ਨੂੰ ਸਹਾਰਾ ਦੇਣ ਲਈ ਕੁੱਲ ਮਿਲਾ ਕੇ 6.29 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ ।
ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿੱਤ ਮੰਤਰੀ ਨੂੰ ਅਰਥਚਾਰੇ ਦੀ ਸਮਝ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਮੰਗ ਵਧਾਉਣ ਅਤੇ ਲੋਕਾਂ ਦੀ ਸਿੱਧੀ ਮਦਦ ਕਰਨ ਦੀ ਥਾਂ ਫਿਰ ਤੋਂ ਕਰਜ਼ੇ ਦੀ ਖ਼ੁਰਾਕ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਕੇਂਦਰ ਤੋਂ ਮੰਗ ਕੀਤੀ ਸੀ ਕਿ ਕੋਰੋਨਾ ਤੋਂ ਆਪਣੀ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ । ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਪੈਟਰੋਲ-ਡੀਜ਼ਲ ਟੈਕਸ ਵਸੂਲੀ ਦੇ ਛੋਟੇ ਜਿਹੇ ਹਿੱਸੇ ਨੂੰ ਕੋਰੋਨਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ – ਇਹ ਉਨ੍ਹਾਂ ਦੀ ਜ਼ਰੂਰਤ ਹੈ, ਅਧਿਕਾਰ ਹੈ। ਮੋਦੀ ਸਰਕਾਰ ਨੂੰ ਬਿਪਤਾ ਵਿੱਚ ਜਨਤਕ ਸਹਾਇਤਾ ਦੇ ਇਸ ਮੌਕੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।”