ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਹਾਂਗ ਕਾਂਗ ਨੇ ਮੰਗਲਵਾਰ (20 ਅਪ੍ਰੈਲ) ਤੋਂ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਹਾਂਗ ਕਾਂਗ ਸਰਕਾਰ ਦਾ ਇਹ ਫੈਸਲਾ ਇਸ ਮਹੀਨੇ ਵਿਸਤਾਰਾ ਏਅਰਲਾਇੰਸ ਦੀ ਉਡਾਣ ਵਿੱਚ ਸਵਾਰ 50 ਯਾਤਰੀਆਂ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਿਲਣ ਤੋਂ ਬਾਅਦ ਆਇਆ ਹੈ।
ਭਾਰਤ ਤੋਂ ਇਲਾਵਾ ਹਾਂਗ ਕਾਂਗ ਦੀ ਸਰਕਾਰ ਨੇ 20 ਅਪ੍ਰੈਲ ਤੋਂ 3 ਮਈ ਤੱਕ ਪਾਕਿਸਤਾਨ ਅਤੇ ਫਿਲਪੀਨਜ਼ ਦੀਆਂ ਉਡਾਣਾਂ ਵੀ ਮੁਲਤਵੀ ਕਰ ਦਿੱਤੀਆਂ ਹਨ। ਹਾਂਗ ਕਾਂਗ ਨੇ ਪਾਕਿਸਤਾਨ ਅਤੇ ਫਿਲਪੀਨਜ਼ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਇਹ ਕਦਮ ਚੁੱਕਿਆ ਹੈ।
ਹਾਂਗ ਕਾਂਗ ਦੀ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ “ਭਾਰਤ, ਪਾਕਿਸਤਾਨ ਅਤੇ ਫਿਲਪੀਨਜ਼ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਹਨ।” 20 ਅਪ੍ਰੈਲ ਨੂੰ ਰਾਤ 12 ਵਜੇ ਤੋਂ 14 ਦਿਨਾਂ ਤੱਕ, ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਯਾਤਰੀਆਂ ਦੀਆਂ ਉਡਾਣਾਂ ਨੂੰ ਹਾਂਗਕਾਂਗ ਵਿੱਚ ਉਤਰਨ ਤੋਂ ਰੋਕਿਆ ਜਾਵੇਗਾ।
ਹਾਂਗ ਕਾਂਗ ਦੇ ਨਿਯਮਾਂ ਦੇ ਤਹਿਤ, ਸਾਰੇ ਯਾਤਰੀਆਂ ਲਈ ਕੋਵਿਡ -19 ਨਕਾਰਾਤਮਕ ਰਿਪੋਰਟ ਦਿਖਾਉਣਾ ਲਾਜ਼ਮੀ ਹੈ ਕਿ ਉੱਥੇ ਜਾਣ ਤੋਂ ਪਹਿਲਾਂ ਵੱਧ ਤੋਂ ਵੱਧ 72 ਘੰਟਿਆਂ ਲਈ ਆਰਟੀ-ਪੀਸੀਆਰ ਟੈਸਟ ਕਰਵਾ ਕੇ ਦਿਖਾਉਣਾ ਲਾਜ਼ਮੀ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਹਾਂਗ ਕਾਂਗ ਦੀ ਸਰਕਾਰ ਨੇ ਮੁੰਬਈ ਅਤੇ ਹਾਂਗ ਕਾਂਗ ਦਰਮਿਆਨ ਵਿਸਤਾਰਾ ਏਅਰਲਾਈਨਸ ਦੀਆਂ ਸਾਰੀਆਂ ਉਡਾਣਾਂ ਨੂੰ 2 ਮਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਇਹ ਫੈਸਲਾ ਐਤਵਾਰ ਨੂੰ ਵਿਸਤਾਰਾ ਦੀ ਮੁੰਬਈ-ਹਾਂਗ ਕਾਂਗ ਦੀ ਉਡਾਣ ਤੋਂ ਪਹੁੰਚੇ ਤਿੰਨ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਲਿਆ ਗਿਆ।