ਚੰਡੀਗੜ੍ਹ – ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਹਰਿਆਣਾ ਸਰਕਾਰ ਨੇ ਕੋਰੋਨਾ ਦੇ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਸਕੂਲਾਂ ਵਿੱਚ 31 ਮਾਰਚ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਇੱਕ ਟਵੀਟ ਕਰ ਕਿਹਾ, “ਸਕੂਲ 22 ਅਪਰੈਲ ਤੋਂ 31 ਮਈ ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ।”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 8ਵੀਂ ਕਲਾਸ ਤੱਕ ਦੇ ਬੱਚਿਆਂ ਲਈ 30 ਅਪਰੈਲ ਤੱਕ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਸੀ, ਪਰ ਬਾਅਦ ਵਿੱਚ ਕੋਰੋਨਾ ਦੇ ਹਲਾਤਾਂ ਨੂੰ ਵੇਖਦੇ ਹੋਏ ਇਸ ਨੂੰ ਸਾਰੀਆਂ ਕਲਾਸਾਂ ਲਈ ਬੰਦ ਕਰ ਦਿੱਤਾ ਗਿਆ ਸੀ। ਹਲਾਂਕਿ ਇਸ ਦੌਰਾਨ ਅਧਿਆਪਕ ਪ੍ਰੀਖਿਆ ਦੇ ਨਤੀਜੇ ਤਿਆਰ ਕਰਨ ਲਈ ਸਕੂਲ ਆ ਰਹੇ ਹਨ।
ਸਿੱਖਿਆ ਮੰਤਰੀ ਨੇ ਕਿਹਾ, “ਅਧਿਆਪਕ ਰੋਜ਼ਾਨਾ ਸਕੂਲ ਆ ਰਹੇ ਹਨ। ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਸੁਰੱਖਿਆ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਲਈ ਗਰਮੀਆਂ ਦੀਆਂ ਛੁੱਟੀਆਂ ਅਗੇਤੀਆਂ ਹੀ ਐਲਾਨ ਦਿੱਤੀਆਂ ਗਈਆਂ ਹਨ।”
ਪਿਛਲੇ ਤਿੰਨ ਹਫ਼ਤੇ ਤੋਂ ਹਰਿਆਣਾ ਵਿੱਚ ਕੋਰੋਨਾ ਨੇ ਬੇਹੱਦ ਘਾਤਕ ਰੂਪ ਧਾਰਿਆ ਹੋਇਆ ਹੈ। 20 ਅਪਰੈਲ ਨੂੰ ਸੂਬੇ ਵਿੱਚ 7,811 ਨਵੇਂ ਕੇਸ ਦਰਜ ਕੀਤੇ ਗਏ ਸੀ। ਜੋ ਸੂਬੇ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਜਦਕਿ ਇਸ ਦੌਰਾਨ ਕੋਰੋਨਾ ਕਾਰਨ 35 ਲੋਕਾਂ ਦੀ ਮੌਤ ਵੀ ਹੋਈ। ਹਰਿਆਣਾ ਵਿੱਚ ਇਸ ਵਕਤ 50,000 ਤੋਂ ਵੱਧ ਐਕਟਿਵ ਕੋਰੋਨਾ ਕੇਸ ਹਨ।
ਕੌਮੀ ਰਾਜਧਾਨੀ ਨਾਲ ਲੱਗਦੇ ਜ਼ਿਲ੍ਹੇ ਗੁਰੂਗ੍ਰਾਮ, ਫਰੀਦਾਬਾਦ ਤੇ ਸੋਨੀਪਤ ਆਦਿ ਕੋਰੋਨਾ ਦੀ ਲਪੇਟ ਵਿੱਚ ਹਨ। ਇਸ ਤੋਂ ਇਲਾਵਾ ਪੰਚਕੁਲਾ, ਕਰਨਾਲ ਤੇ ਕਰੁਕਸ਼ੇਤਰ ਦੇ ਇਲਾਕਿਆਂ ਵਿੱਚ ਕੋਰੋਨਾ ਕੇਸ ਦਿਨੋਂ ਦਿਨ ਵੱਧ ਰਹੇ ਹਨ।