ਕੋਰੋਨਾ ਦੇ ਕਹਿਰ ਵਿਚਾਲੇ ਦੇਸ਼ ਲਈ ਇੱਕ ਹੋਰ ਭਿਆਨਕ ਸੰਕਟ ਖੜਾ ਹੋ ਗਿਆ ਹੈ। ਕੇਂਦਰ ਸਰਕਾਰ ਕੋਰੋਨਾ ਨਾਲ ਲੜਨ ਲਈ ਹਰ ਤਰ੍ਹਾਂ ਦੇ ਪ੍ਰਬੰਦ ਹੋਣ ਦਾ ਦਾਅਵਾ ਕਰ ਰਹੀ ਹੈ। ਕੇਂਦਰ ਕੋਰੋਨਾ ਵੈਕਸੀਨ ਬਾਰੇ ਵੀ ਕਹਿ ਚੁੱਕੀ ਹੈ ਕਿ ਕੋਰੋਨਾ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਪਰ ਪਿਛਲੇ ਦਿਨਾਂ ‘ਚ ਦੇਖਣ ਨੂੰ ਮਿਲਿਆ ਕਿ ਦੇਸ਼ ਦੇ ਕਈ ਸੂਬੇ ਇਸ ਵੇਲੇ ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ ਤੇ ਪੰਜਾਬ ਵੀ ਉਨ੍ਹਾਂ ਚੋਂ ਇੱਕ ਸੂਬਾ ਹੈ। ਪੰਜਾਬ ਵਿੱਚ ਕੋਰੋਨਾ ਦੇ ਕਹਿਰ ਵਿਚਾਲੇ ਵੈਕਸੀਨ ਦਾ ਸਟਾਕ ਖਤਮ ਹੋ ਗਿਆ ਹੈ ਤੇ ਨਾਲ ਹੀ ਆਕਸੀਜਨ ਦੇ ਸੰਕਟ ਦਾ ਵੀ ਖਤਰਾ ਮੰਡਰਾ ਰਿਹਾ ਹੈ। ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਠੱਪ ਹੋ ਗਿਆ ਕਿਉਂਕਿ ਵੈਕਸੀਨ ਖਤਮ ਹੋ ਚੁੱਕੀ ਹੈ। ਦੂਜੇ ਪਾਸੇ ਸਭ ਤੋਂ ਵੱਡੀ ਸਮੱਸਿਆ ਆਕਸੀਜਨ ਦੀ ਪੈਦਾ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਆਕਸੀਜਨ ਦਾ ਕੋਟਾ ਘਟਾਇਆ ਹੈ ਜਿਸ ਕਰਕੇ ਸੰਕਟ ਖੜ੍ਹਾ ਹੋ ਸਕਦਾ ਹੈ। ਆਕਸੀਜਨ ਬਾਰੇ ਕੇਂਦਰੀ ਕੰਟਰੋਲ ਗਰੁੱਪ ਵੱਲੋਂ 15 ਅਪ੍ਰੈਲ, 2021 ਨੂੰ 126 ਮੀਟ੍ਰਿਕ ਟਨ ਦੀ ਅਲਾਟਮੈਂਟ ਕੀਤੀ ਗਈ ਸੀ ਪਰ ਇਹ ਅਲਾਟਮੈਂਟ 25 ਅਪ੍ਰੈਲ, 2021 ਵਾਲੇ ਹਫ਼ਤੇ ਤੋਂ ਘਟਾ ਕੇ 82 ਮੀਟ੍ਰਿਕ ਟਨ ਕਰ ਦਿੱਤੀ ਗਈ। ਇਹ ਅਲਾਟਮੈਂਟ ਸੂਬੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਾਕਾਫ਼ੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਲਈ ਰੋਜ਼ਾਨਾ ਘੱਟੋ-ਘੱਟ 120 ਮੀਟ੍ਰਿਕ ਟਨ ਆਕਸੀਜਨ ਸਪਲਾਈ ਦਿੱਤੀ ਜਾਵੇ।
ਦਿੱਲੀ ਅਤੇ ਹਰਿਆਣਾ ਦੇ ਵਿਚਕਾਰ ਆਕਸੀਜਨ ਨੂੰ ਲੈ ਕੇ ਜੰਗ ਛਿੜ ਗਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹਰਿਆਣਾ ਸਰਕਾਰ ਉੱਪਰ ਦਿੱਲੀ ਲਈ ਆਕਸੀਜਨ ਦੀ ਪੂਰਤੀ ਰੋਕਣ ਦਾ ਇਲਜ਼ਾਮ ਲਾਇਆ। ਦਿੱਲੀ ਦੇ ਕਈ ਹਸਪਤਾਲ ਆਕਸੀਜਨ ਦੀ ਕਮੀ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਹਰਿਆਣਾ ਸਰਕਾਰ ਨੇ ਸਿਸੋਦੀਆ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਿੱਚੋਂ ਕਿਸੇ ਨੇ ਵੀ ਕੁਝ ਰੋਕਿਆ ਨਹੀਂ।ਆਕਸੀਜਨ ਸੰਕਟ ‘ਤੇ ਸਿਸੋਦੀਆ ਨੇ ਕਿਹਾ ਕਿ ਸੂਬਿਆਂ ਲਈ ਆਕਸੀਜਨ ਦਾ ਕੋਟਾ ਕੇਂਦਰ ਤੈਅ ਕਰਦਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਤੋਂ ਦਿੱਲੀ ਲਈ ਆਕਸੀਜਨ ਕੋਟਾ 378 ਮੀਟ੍ਰਿਕ ਟਨ ਤੋਂ ਵਧਾ ਕੇ 700 ਮੀਟ੍ਰਿਕ ਟਨ ਕਰਨ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ। ਸਿਸੋਦੀਆ ਨੇ ਕੋਟਾ ਵਧਾਉਣ ਪਿੱਛੇ ਤਰਕ ਦਿੱਤਾ ਕਿ ਇੱਥੇ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਹੋਰ ਕਈ ਸੂਬਿਆਂ ਦੇ ਮਰੀਜ਼ ਵੀ ਭਰਤੀ ਹਨ।