ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਦੌਰੇ ‘ਤੇ ਹੋਣਗੇ। ਸ਼ਾਹ ਦਾ ਇਹ ਦੋ ਦਿਨਾਂ ਦਾ ਦੌਰਾ ਹੈ। ਇਸ ਦੌਰਾਨ ਉਹ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ। ਸ਼ਾਹ ਪਹਿਲੇ ਦਿਨ ਉੱਤਰੀ 24 ਪਰਗਨਾ ਵਿੱਚ ਬੀਐਸਐਫ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਸ਼ਾਹ ਕੂਚ ਬਿਹਾਰ ਦੇ ਤਿੰਨ ਬੈਰੀਅਰ ਸਰਹੱਦੀ ਖੇਤਰ ਦਾ ਵੀ ਦੌਰਾ ਕਰਨਗੇ।
ਉਹ ਉਥੇ ਸਪੀਡ ਬੋਟ ਰਾਹੀਂ ਬੰਗਲਾਦੇਸ਼ ਸਰਹੱਦ ਦਾ ਵੀ ਮੁਆਇਨਾ ਕਰਨਗੇ। ਪ੍ਰਦੇਸ਼ ਭਾਜਪਾ ਪ੍ਰਧਾਨ ਸੁਕਤੌਨ ਮਜਮੁਦਾਰ ਨੇ ਦੱਸਿਆ ਕਿ ਹਿੰਸਾ ‘ਚ ਮਾਰੇ ਗਏ ਲੋਕਾਂ ਲਈ ਰਾਣੀ ਰਸ਼ਮੋਨੀ ਰੋਡ ‘ਤੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਹੈ, ਜਿਸ ‘ਚ ਅਮਿਤ ਸ਼ਾਹ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਸ਼ਾਹ ਉੱਤਰੀ ਬੰਗਾਲ ਦੇ ਸਿਲੀਗੁੜੀ ‘ਚ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 2021 ਤੋਂ ਬਾਅਦ ਅਮਿਤ ਸ਼ਾਹ ਪਹਿਲੀ ਵਾਰ ਬੰਗਾਲ ਆ ਰਹੇ ਹਨ। ਚੋਣਾਂ ਤੋਂ ਬਾਅਦ ਹੁਣ ਤੱਕ 7 ਵਿਧਾਇਕ ਪਾਰਟੀ ਛੱਡ ਚੁੱਕੇ ਹਨ, ਜਦੋਂ ਕਿ ਬਾਬੁਲ ਸੁਪ੍ਰਿਓ ਅਤੇ ਰਾਜੀਬ ਬੈਨਰਜੀ ਵਰਗੇ ਦਿੱਗਜ ਨੇਤਾ ਵੀ ਟੀਐਮਸੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਸ਼ਾਹ ਦੇ ਦੌਰੇ ਤੋਂ ਪਹਿਲਾਂ ਬਾਰਾਸਾਤ ‘ਚ ਭਾਜਪਾ ਦੇ 15 ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਨੇ ਅਮਿਤ ਸ਼ਾਹ ਦੇ ਬੰਗਾਲ ਦੌਰੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਮਤਾ ਸਰਕਾਰ ਦੇ ਸੀਨੀਅਰ ਮੰਤਰੀ ਪਾਰਥਾ ਚੈਟਰਜੀ ਨੇ ਕਿਹਾ ਕਿ ਪਿਛਲੇ ਸਾਲ ਵੀ ਬਾਹਰੋਂ ਕਈ ਨੇਤਾ ਆਏ ਸਨ ਪਰ ਨਤੀਜਾ ਸਭ ਦੇ ਸਾਹਮਣੇ ਹੈ। ਬੰਗਾਲ ਵਿੱਚ ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਕੋਈ ਆ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ।