ਕੇਂਦਰ ਵਿੱਚ ਭਾਜਪਾ ਦੀ ਸਰਕਾਰ ਤੋਂ ਬਾਅਦ ਹੁਣ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਰੋਨਾ ਦੀ ਜੰਗ ‘ਚ ਕੈਪਟਨ ਸਰਕਾਰ ਦੇ ਅਸਫਲ ਰਹਿਣ ਤੇ ਅਧੂਰੇ ਵਾਅਦਿਆਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਟਿਆਲਾ ਤਿੰਨ ਦਿਨਾਂ ਦਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਪਟਿਆਲਾ ਚ 28,29,30 ਮਈ ਦਾ ਤਿੰਨ ਰੋਜ਼ਾ ਪੱਕਾ ਮੋਰਚਾ ਵਿੱਢ ਦਿੱਤਾ ਹੈ, ਜਥੇਬੰਦੀ ਦਾ ਇਲਜ਼ਾਮ ਹੈ ਕਿ ਕੇਂਦਰ ਵਾਂਗ ਸੂਬਾ ਸਰਕਾਰ ਵੀ ਹੁਣ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਨਾਂਹ-ਮਾਤਰ ਪ੍ਰਬੰਧ ਕਰਨ ਦੀ ਬਦਨਾਮੀ ਤੋਂ ਬਚਣ ਲਈ ਕਿਸਾਨ ਮੋਰਚੇ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਇਸ ਲਈ ਕਰੋਨਾ ਸੰਬੰਧੀ ਵਿਸ਼ੇਸ਼ ਮੰਗਾਂ ਨੂੰ ਲੈ ਕੇ ਪੂਡਾ ਗ੍ਰਾਊਂਡ ਪਟਿਆਲਾ ਵਿਖੇ ਪੰਜਾਬ ਸਰਕਾਰ ਵਿਰੁੱਧ ਦਿਨ ਰਾਤ ਦਾ ਧਰਨਾ ਲਾ ਦਿੱਤਾ ਗਿਆ ਹੈ । ਹਜ਼ਾਰਾਂ ਦੀ ਤਦਾਦ ‘ਚ ਇੱਥੇ ਕਿਸਾਨ ਪਹੁਮਚੇ,…ਕਰੋਨਾ ਨਿਯਮਾਂ ਦਾ ਪੂਰਾ ਖਿਆਲ ਰੱਕਿਆ ਗਿਆ …ਵੱਡੀ ਗਿਣਤੀ ‘ਚ ਔਰਤਾਂ ਵੀ ਪ੍ਰਦਰਸ਼ਨ ‘ਚ ਸ਼ਾਮਿਲ ਹੋਈਆਂ । ਇਸ ਦੌਰਾਨ ਹਰ ਇੱਕ ਦੇ ਮਾਸਕ ਲਗਾਇਆ ਹੋਇਆ ਸੀ ਤੇ ਬਕਾਇਦਾ ਪ੍ਰਦਰਸ਼ਨਕਾਰੀਆਂ ਦੇ ਹੱਥ ਵੀ ਸੈਨੇਟਾਈਜ਼ ਕਰਾਏ ਗਏ।
ਜਥੇਬੰਦੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਲਈ ਇਹ ਧਰਨਾ ਲਾਇਆ ਗਿਆ ਹੈ ਤੇ ਸਾਡੀਆਂ ਹੇਠ ਲਿਖੀਆਂ ਮੰਗਾਂ ਹਨ ਜੋ ਸਰਕਾਰ ਨੂੰ ਪੂਰੀਆਂ ਕਰਨੀਆਂ ਜ਼ਰੂਰੀ ਹਨ|
1.ਮਹਾਂਮਾਰੀ ਤੋਂ ਪੀਡ਼ਤ ਸਾਰੇ ਲੋਕਾਂ ਦੇ ਇਲਾਜ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਰਾਜ ਦੇ ਸਿਹਤ ਵਿਭਾਗ ਦੇ ਸਿਰ ਆਉਂਦੀ ਹੈ। ਇਹ ਜ਼ਿੰਮੇਵਾਰੀ ਨਿਭਾਉਣ ਲਈ ਪੰਜਾਬ ਸਰਕਾਰ ਨੂੰ ਦ੍ਰਿੜ੍ਹ ਸਿਆਸੀ ਇਰਾਦਾ ਧਾਰਨ ਤੇ ਸਰਕਾਰੀ ਖ਼ਜ਼ਾਨੇ ਦਾ ਮੂੰਹ ਖੋਲ੍ਹਣ ਦੀ ਲੋੜ ਹੈ।
2.ਸੂਬੇ ਦੇ ਸਿਹਤ ਵਿਭਾਗ ਦੀਆਂ 30% ਖਾਲੀ ਅਸਾਮੀਆਂ ਦੀ ਪੂਰਤੀ, ਅਣਵਰਤੇ ਰਹਿ ਰਹੇ ਵੈਂਟੀਲੇਟਰਾਂ ਤੇ ਹੋਰ ਸਾਜ਼ੋ ਸਾਮਾਨ ਦੀ ਵਰਤੋਂ, ਬਿਮਾਰੀ ਲਈ ਲੋੜੀਂਦੀਆਂ ਦਵਾਈਆਂ ਅਤੇ ਖਾਧ ਖੁਰਾਕ ਦੀ ਪੂਰਤੀ ਕੀਤੀ ਜਾਵੇ।
3. ਮਹਾਂਮਾਰੀ ਦੇ ਅਸਰਦਾਰ ਟਾਕਰੇ ਲਈ ਸਰਕਾਰੀ ਸਿਹਤ ਵਿਭਾਗ ਦਾ ਵੱਡੇ ਪੱਧਰ ‘ਤੇ ਪਸਾਰਾ ਕਰਨ ਲਈ ਬਜਟ ਰਕਮਾਂ ਜੁਟਾਉਣ ਅਤੇ ਪੁਖਤਾ ਢਾਂਚਾ ਮੁਹੱਈਆ ਕਰਨ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾਵੇ।
ਸਾਰੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਅਧੀਨ ਲਿਆਂਦਾ ਜਾਵੇ। ਛੋਟੇ ਪ੍ਰਾਈਵੇਟ ਹਸਪਤਾਲਾਂ ਵਿਚ ਕਰੋਨਾ ਪੀਡ਼ਤ ਮਰੀਜ਼ਾਂ ਦੇ ਇਲਾਜ ਦੇ ਰੇਟਾਂ ਨੂੰ ਸਰਕਾਰੀ ਕੰਟਰੋਲ ਵਿੱਚ ਲਿਆ ਕੇ ਦਰਮਿਆਨੇ ਅਤੇ ਗ਼ਰੀਬ ਤਬਕਿਆਂ ਦੀ ਪਹੁੰਚ ਵਿੱਚ ਲਿਆਂਦਾ ਜਾਵੇ। ਲੋੜੀਂਦੀਆਂ ਦਵਾਈਆਂ, ਆਕਸੀਜਨ ਤੇ ਹੋਰ ਸਾਜ਼ੋ ਸਾਮਾਨ ਦੇ ਮਨਚਾਹੇ ਰੇਟਾਂ ਰਾਹੀਂ ਲੁੱਟ ਮਚਾਉਣ ਵਾਲੀ ਕਾਲਾ-ਬਾਜ਼ਾਰੀ ਨੂੰ ਨੱਥ ਪਾਈ ਜਾਵੇ।