ਨਵੀਂ ਦਿੱਲੀ: ਗੁਰੂਗ੍ਰਾਮ ਦੇ ਪਟੌਦੀ ਰੋਡ ‘ਤੇ ਪਿੰਡ ਖਵਾਸਪੁਰ ਵਿਚ ਐਤਵਾਰ ਸ਼ਾਮ ਨੂੰ ਇਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਘਟਨਾ ਵਿੱਚ ਹੁਣ ਤੱਕ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇੱਕ ਵਿਅਕਤੀ ਜ਼ਖਮੀ ਹੈ, ਜਿਸਦਾ ਇਲਾਜ ਚੱਲ ਰਿਹਾ ਹੈ।
ਇਮਾਰਤ ਦੇ ਢਹਿਣ ਕਾਰਨ ਆਸ ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਮਚ ਗਈ। ਲੋਕਾਂ ਨੇ ਪਹਿਲਾਂ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਬਾਅਦ ਵਿਚ ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਰਾਹਤ ਕਾਰਜਾਂ ਲਈ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।
ਬਚਾਅ ਕਾਰਜ ਦੌਰਾਨ, ਹੁਣ ਤੱਕ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਸੀ। ਜਦੋਂ ਮੌਕੇ ‘ਤੇ ਮੌਜੂਦ ਡਾਕਟਰਾਂ ਨੇ ਜਾਂਚ ਕੀਤੀ ਤਾਂ ਉਹ ਵਿਅਕਤੀ ਸਾਹ ਲੈ ਰਿਹਾ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਇੱਕ ਟਰਾਂਸਪੋਰਟ ਕੰਪਨੀ ਦਾ ਇੱਥੇ ਇੱਕ ਗੋਦਾਮ ਸੀ, ਜਿਸਦੇ ਨਾਲ ਇਹ ਇਮਾਰਤ ਬਣਾਈ ਗਈ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਇਸ ਇਮਾਰਤ ਵਿਚ ਤਕਰੀਬਨ ਪੰਜ ਤੋਂ ਛੇ ਲੋਕ ਮੌਜੂਦ ਸਨ। ਬਚਾਅ ਟੀਮ ਦੇ 100 ਤੋਂ ਵੱਧ ਕਰਮਚਾਰੀ ਪਿਛਲੀ ਸ਼ਾਮ ਤੋਂ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ।