ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਆਪੋ-ਆਪਣੇ ਰਾਜਾਂ ਦੇ ਰਾਜਪਾਲਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਲਿਖੇ ਮੰਗ ਪੱਤਰ ਦੇ ਰਹੇ ਹਨ। ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਪੰਜਾਬ ਰਾਜ ਭਵਨ ਤੱਕ ਮੁਹਾਲੀ ਤੋਂ ਪੈਦਲ ਮਾਰਚ ਕੀਤਾ ਜਾਣਾ ਹੈ। ਅੱਜ ਇੱਥੇ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਪਹੁੰਚ ਚੁੱਕੇ ਹਨ। ਚੰਡੀਗੜ੍ਹ ਪੁਲੀਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਗਏ ਹਨ। ਵਾਈਪੀਐੱਸ ਚੌਕ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਵਾਲਾ ਏਰੀਆ ਪੁਲੀਸ ਛਾਉਣੀ ਵਿੱਚ ਤਬਦੀਲ ਹੈ।