ਮਨੁੱਖਤਾ ਦੀ ਸੇਵਾ ਕਰਨਾ ਸਿੱਖਾਂ ਦੇ ਖ਼ੂਨ ਵਿੱਚ ਹੈ। ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਸ ਤੋਂ ਇਹ ਗੱਲ ਸਾਬਤ ਹੁੰਦੀ ਹੈ। SGPC ਤੋਂ ਲੈ ਕੇ ਖ਼ਾਲਸਾ ਏਡ ਵਰਗੀਆਂ ਬਣੀਆਂ ਸੰਸਥਾਵਾਂ ਹਰ ਤਰ੍ਹਾਂ ਨਾਲ ਲੋਕਾਂ ਦੀ ਸੇਵਾ ਕਰ ਰਹੀਆਂ ਹਨ। ਜਦੋਂ ਅਸੀਂ ਮੁਫ਼ਤ ਆਕਸੀਜਨ ਲੰਗਰਾਂ ਦੀ ਗੱਲ ਕਰਦੇ ਹਾਂ ਜਾਂ ਦਿੱਲੀ ਦੇ ਰਕਾਬ ਗੰਜ ਸਾਹਿਬ ਗੁਰਦੁਆਰਾ ਸਾਹਿਬ ਵਿਖੇ 400 ਬਿਸਤਰਿਆਂ ਵਾਲੇ ਹਸਪਤਾਲ ਬਾਰੇ ਗੱਲ ਕਰਦੇ ਹਾਂ ਤਾਂ ਬੇਸ਼ੱਕ ਸਿੱਖ ਕੌਮ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਹੀ ਅਸਲ ਧਰਮ ਹੈ।ਉਨ੍ਹਾਂ ਦੀ ਨਿਰਸਵਾਰਥ ਸੇਵਾ ਦੀ ਇੱਕ ਹੋਰ ਉਦਾਹਰਨ ਭਾਰਤ ਦੇ ਮਹਾਰਾਸ਼ਟਰ ਤੋਂ ਮਿਲ ਰਹੀ ਹੈ ਜਿੱਥੇ ਗੁਰਦੁਆਰੇ ਵੱਲੋਂ ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਦੀ ਉਸਾਰੀ ਲਈ ਪਿਛਲੇ ਪੰਜ ਦਹਾਕਿਆਂ ਦੌਰਾਨ ਇਕੱਠੇ ਕੀਤੇ ਆਪਣੇ ਸਾਰੇ ਸੋਨੇ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਸਾਹਿਬ ਜੋ ਸਿੱਖ ਧਰਮ ਦੇ ਪੰਜ ਤਖ਼ਤਾਂ ਵਿਚੋਂ ਇੱਕ ਹੈ, ਵੱਲੋਂ ਪਿਛਲੇ 50 ਸਾਲਾਂ ਤੋਂ ਇਕੱਠੇ ਕੀਤੇ ਸਾਰੇ ਸੋਨੇ ਨੂੰ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੀ ਉਸਾਰੀ ਲਈ ਇਸਤੇਮਾਲ ਕੀਤਾ ਜਾਵੇਗਾ।ਇਸ ਫ਼ੈਸਲੇ ਬਾਰੇ ਐਲਾਨ ਕਰਦਿਆਂ ਤਖ਼ਤ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਕਿਹਾ ਕਿ ਇਸ ਸਮੇਂ ਸਿੱਖਾਂ ਨੂੰ ਹੈਦਰਾਬਾਦ ਜਾਂ ਮੁੰਬਈ ਵਿਖੇ ਇਲਾਜ ਲਈ ਜਾਣਾ ਪੈ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਥੇ ਅਜਿਹੇ ਹਸਪਤਾਲ ਬਣਾਏ ਜਾਣਗੇ ਕਿ ਲੋਕਾਂ ਨੂੰ ਇਲਾਜ ਕਰਵਾਉਣ ਲਈ ਬਾਹਰੀ ਰਾਜਾਂ ਤੋਂ ਆਉਣਾ ਪਏਗਾ। ਉਨ੍ਹਾਂ ਕਿਹਾ, “ਅਸੀਂ ਇਮਾਰਤਾਂ ਤੇ ਗੁਰਦੁਆਰਿਆਂ ‘ਤੇ ਬਹੁਤ ਸਾਰਾ ਸੋਨਾ ਪਾਇਆ ਹੈ। ਹੁਣ ਸਾਨੂੰ ਗੁਰਸਿੱਖ ਬਣਾਉਣੇ ਤੇ ਤਿਆਰ ਕਰਨੇ ਚਾਹੀਦੇ ਹਨਤਾਂ ਜੋ ਸ੍ਰੀ ਕਲਗ਼ੀਧਰ ਪਾਤਸ਼ਾਹ ਨੂੰ ਖ਼ਾਲਸੇ ਨੂੰ ਇਨ੍ਹਾਂ ਬੁਲੰਦੀਆਂ ‘ਤੇ ਪਹੁੰਚਦਾ ਦੇਖ ਖ਼ੁਸ਼ੀ ਮਿਲੇਗੀ। ਮੈਨੂੰ ਲੱਗਦਾ ਹੈ ਕਿ ਇੱਕ ਹਸਪਤਾਲ ਜਾਂ ਇੱਕ ਮੈਡੀਕਲ ਕਾਲਜ ਦਾ ਨਿਰਮਾਣ ਕਰਨਾ ਚਾਹੀਦਾ ਹੈ।” ਉਨ੍ਹਾਂ ਅੱਗੇ ਕਿਹਾ “ਜਦੋਂ ਵੀ ਦੁਨੀਆ ਉਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਖ਼ਾਲਸਾ ਹਰ ਘੜੀ ਮਨੁੱਖਤਾ ਜੇ ਨਾਲ ਖੜ੍ਹਦਾ ਹੈ। ਜਗ੍ਹਾ-ਜਗ੍ਹਾ ਲੰਗਰ ਮੁਹੱਈਆ ਕਰਵਾਏ ਜਾਂਦੇ ਹਨ ਤੇ ਜਿੱਥੇ ਵੀ ਜਿਨੂੰ ਵੀ ਜ਼ਰੂਰਤ ਪੈਂਦੀ ਹੈ, ਉਸ ਨੂੰ ਪੂਰਾ ਕੀਤਾ ਜਾਂਦਾ ਹੈ।”ਤਖ਼ਤ ਸ੍ਰੀ ਹਜ਼ੂਰ ਸਾਹਿਬ ਹੋਰਨਾਂ ਧਾਰਮਿਕ ਸੰਗਠਨਾਂ ਲਈ ਨਿਰਸਵਾਰਥ ਸੇਵਾ ਦੀ ਇੱਕ ਉੱਤਮ ਮਿਸਾਲ ਕਾਇਮ ਕਰ ਰਿਹਾ ਹੈ। ਸਾਨੂੰ ਸਭ ਨੂੰ ਸਿੱਖ ਕੌਮ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ ਜੋ ਸਾਨੂੰ ਸੇਵਾ ਧਰਮ ਸਿਖਾਉਂਦੀ ਹੈ।