ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਪਣੇ ਪੁਰਾਣੇ ਸਾਥੀ ਤੇ ਭਾਜਪਾ ਵਿੱਚ ਸ਼ਾਮਲ ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਦੇ ਹਵਾਲੇ ਨਾਲ ਕਿਹਾ ਕਿ ਜਿਹੜੇ ਲੋਕ ਸੱਚਾਈ ਅਤੇ ਭਾਜਪਾ ਦਾ ਟਾਕਰਾ ਕਰਨ ਤੋਂ ਡਰਦੇ ਹਨ, ਉਨ੍ਹਾਂ ਨੂੰ ਪਾਰਟੀ ਛੱਡਣ ਦੀ ਪੂਰੀ ਖੁੱਲ੍ਹ ਹੈ, ਜਦੋਂਕਿ ਕਾਂਗਰਸ ਤੋਂ ਬਾਹਰਲੇ ਨਿਡਰ ਆਗੂਆਂ ਨੂੰ ਪਾਰਟੀ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਗਾਂਧੀ ਇਥੇ ਇਕ ਵਰਚੁਅਲ ਈਵੈਂਟ ਦੌਰਾਨ ਪਾਰਟੀ ਦੇ ਸੋਸ਼ਲ ਮੀਡੀਆ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਕਈ ਲੋਕ ਹਨ ਜੋ ਨਿਡਰ ਹਨ ਪਰ ਕਾਂਗਰਸ ਪਾਰਟੀ ਵਿੱਚ ਨਹੀਂ ਹਨ। ਇਹ ਸਾਰੇ ਲੋਕ ਸਾਡੇ ਹਨ। ਇਨ੍ਹਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਤੇ ਜਿਹੜੇ ਲੋਕ ਪਾਰਟੀ ਵਿੱਚ ਰਹਿ ਕੇ ਡਰੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕਰਨ ਦੀ ਲੋੜ ਹੈ।’’ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਆਰਐੱਸਐੱਸ ਦੇ ਲੋਕ ਹਨ ਤੇ ਉਨ੍ਹਾਂ ਨੂੰ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਆਨੰਦ ਲੈਣ ਦਈਏ। ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਸਾਨੂੰ ਨਿਡਰ ਲੋਕ ਚਾਹੀਦੇ ਹਨ। ਇਹ ਸਾਡੀ ਵਿਚਾਰਧਾਰਾ ਹੈ ਤੇ ਇਹੀ ਮੇਰਾ ਬੁਨਿਆਦੀ ਸੁਨੇਹਾ ਹੈ।