ਮੁੱਖ ਮੰਤਰੀ ਕੈਪਟਨ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਅੱਜ ਕਿਸਾਨਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਹੈ। ਦਰਅਸਲ ਮਾਮਲਾ ਜ਼ਬਰੀ ਜ਼ਮੀਨ ਐਕਵਾਇਰ ਕਰਨ ਦਾ ਹੈ। ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇਅ ‘ਤੇ ਕਿਸਾਨਾਂ ਦੀ ਜ਼ਮੀਨ ਖਰੀਦੀ ਗਈ ਕਿਸਾਨਾਂ ਦਾ ਇਲਜ਼ਾਮ ਹੈ ਕਿ ਕੇਂਦਰ ਤਾਂ ਜ਼ਮੀਨ ਦੀ ਪੂਰੀ ਕੀਮਤ ਦੇ ਰਹੀ ਹੈ ਪਰ ਪੰਜਾਬ ਸਰਕਾਰ ਸਹੀ ਕੀਮਤ ਨਹੀਂ ਦੇ ਰਹੀ। ਜਿਸਦਾ ਲੰਮੇ ਸਮੇਂ ਤੋਂ ਕਿਸਾਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਅੱਜ ਸਬਰ ਦਾ ਬੰਨ ਟੁੱਟ ਗਿਆ ਤੇ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇਅ ਲਈ ਜ਼ਮੀਨ ਪ੍ਰਾਪਤੀ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨ ਟ੍ਰੈਕਟਰ ਲੈ ਕੇ ਪਟਿਆਲਾ ਪਹੁੰਚ ਗਏ। ਕਿਸਾਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਚਾਰੇ ਪਾਸਿਓਂ ਘਿਰਾਓ ਕੀਤਾ। ਇਸ ਮਗਰੋਂ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਣ ਲਈ ਬੈਰੀਕੇਡ ਵੀ ਤੋੜ ਦਿੱਤੇ। ਜ਼ਮੀਨ ਬਚਾਓ ਕਮੇਟੀ ਵੱਲੋਂ ਵਿਢੇ ਗਏ ਇਸ ਸੰਘਰਸ਼ ਦੌਰਾਨ ਕਿਸਾਨਾਂ ਦੀ ਪੁਲਿਸ ਪਾਰਟੀ ਨਾਲ ਝੜਪ ਵੀ ਹੋਈ, ਜਿਥੇ ਕੁਝ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸ ਦਈਏ ਦਿੱਲੀ–ਕੱਟੜਾ ਐਕਸਪ੍ਰੈਸ ਵੇਅ ਕਰੀਬ 600 ਕਿਲੋਮੀਟਰ ਲੰਬਾ ਪ੍ਰੋਜੈਕਟ ਹੈ। ਇਸ ਲਈ ਪੰਜਾਬ ਦੇ 180-200 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ।