ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਸੰਗਰੂਰ ਜ਼ਿਮਨੀ ਚੋਣਾਂ ਲੜਵਾਉਣ ਦੀਆਂ ਸੋਸ਼ਲ ਮੀਡੀਆ ਅਫਵਾਹਾਂ ‘ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ ‘ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਇਹ ਜੋ ਸੋਸ਼ਲ ਮੀਡੀਆ ‘ਤੇ ਅਫਵਾਹਾਂ ਚੱਲ ਰਹੀਆਂ ਹਨ ਉਨ੍ਹਾਂ ‘ਚ ਜਰਾਂ ਵੀ ਸਚਾਈ ਨਹੀਂ ਹੈ ਤੇ ਇਨ੍ਹਾਂ ਅਫਵਾਹਾਂ ‘ਚ ਵਿਸ਼ਵਾਸ਼ ਨਾ ਕੀਤਾ ਜਾਵੇ। ਮੇਰਾ ਕਿਸੇ ਵੀ ਤਰ੍ਹਾਂ ਦੀ ਚੋਣ ਲੜਣ ਦਾ ਕੋਈ ਮੰਨ ਨਈ ਹੈ।ਉਨ੍ਹਾਂ ਕਿਹਾ ਕਿ ਹਾਲੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਮੇਰੀ ਇਸ ਦੁੱਖ ਦੀ ਘੜੀ ‘ਚ ਮੇਰਾ ਸਾਥ ਦਿੱਤਾ ਹੈ ਮੈਂ ਤੁਹਾਡਾ ਕੋਟੀ-ਕੋਟੀ ਧੰਨਵਾਦੀ ਹਾਂ। ਮੇਰੀ ਬੇਨਤੀ ਹੈ ਕਿ 8 ਤਰੀਕ ਨੂੰ ਬੱਚੇ ਦਾ ਭੋਗ ਹੈ ਤੁਸੀਂ ਸਾਰੇ ਹਾਜਰੀ ਭਰਿਓ ਉਥੇ ਦਿਲ ਦੀਆਂ ਸਾਰੀਆਂ ਗੱਲਾਂ ਕਰਾਂਗੇ।
ਦੱਸ ਦੇਈਏ ਕਿ ਇਹ ਵੀਡੀਓ ਸਿੱਧੂ ਦੇ ਪਿਤਾ ਤੇ ਮਾਤਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਸਾਹਮਣੇ ਆਈ ਹੈ। ਅੱਜ ਚੰਡੀਗੜ੍ਹ ਵਿਖੇ ਸਿੱਧੂ ਦੇ ਮਾਤਾ-ਪਿਤਾ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤੇ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਉੱਚ ਪੱਧਰ ’ਤੇ ਕਰਵਾਉਣ ਦੀ ਗੱਲ ਆਖੀ ਸੀ।