ਕੋਰੋਨਾ ਮਹਾਮਾਰੀ ਦੀ ਸਥਿਤੀ ਠੀਕ ਹੋਣ ਤੋਂ ਬਾਅਦ ਸਾਰੇ ਧਾਰਮਿਕ ਸਥਾਨ ਤਾਂ ਖੋਲ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਨੂੰ ਨਾ ਖੋਲਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਦੀ ਨੀਅਤ ਤੇ ਸਵਾਲ ਖੜ੍ਹਾ ਕੀਤਾ ਹੈ। ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਮੁੜ ਤੋਂ ਕੋਰੀਡੋਰ ਨੂੰ ਖੋਲ੍ਹਣ ਦੀ ਮੰਗ ਚੁੱਕੀ ਹੈ, ਉਥੇ ਹੀ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਵਲੋਂ ਦਿੱਤੇ ਬਿਆਨ ਦੀ ਜਥੇਦਾਰ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖਤ ਕਰਵਾਈ ਕਰਵਾਉਣ ਦੀ ਹੁਕਮ ਦਿੱਤੇ ਹਨ।
ਸਿੱਖ ਕੌਮ ਦੀ ਬੜੇ ਲੰਮੇ ਸਮੇਂ ਦੀ ਮੰਗ ਨੂੰ ਆਖ਼ਰ 9 ਨਵੰਬਰ 2019 ਨੂੰ ਪੂਰੀ ਹੋ ਕੇ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਗਿਆ ਸੀ, ਜਿਸ ਨਾਲ ਸੰਗਤਾਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਜਾਣ ਲੱਗ ਪਏ ਸਨ।ਕੋਰੋਨਾ ਮਹਾਮਾਰੀ ਕਰਕੇ ਦੇਸ਼ ਭਰ ਵਿੱਚ ਧਾਰਮਿਕ ਸਥਾਨਾਂ ਨੂੰ ਦਰਸ਼ਨਾਂ ਲਈ ਬੰਦ ਕੀਤਾ ਤਾਂ ਪਾਕਿਸਤਾਨ ਅਤੇ ਭਾਰਤ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਵੀ ਬੰਦ ਕਰ ਦਿੱਤਾ। ਭਾਵੇਂ ਕਿ ਦੂਜੀ ਕੋਰੋਨਾ ਲਹਿਰ ਤੋਂ ਬਾਅਦ ਵੀ ਦੇਸ਼ ਭਰ ਦੇ ਸਾਰੇ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਗਿਆ ਸੀ ਪਰ ਅਜੇ ਤੱਕ ਭਾਰਤ ਦੀ ਤਰਫੋ ਕਰਤਾਰਪੁਰ ਕੋਰੀਡੋਰ ਨਹੀ ਖੋਲ੍ਹਿਆ ਗਿਆ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਮੁੜ ਤੋਂ ਕੋਰੀਡੋਰ ਨਾ ਖੋਲ੍ਹੇ ਜਾਣ ਤੇ ਭਾਰਤ ਸਰਕਾਰ ਦੀ ਨੀਅਤ ਤੇ ਸ਼ੱਕ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸਾਰੇ ਧਾਰਮਿਕ ਸਥਾਨ ਦਰਸ਼ਨਾਂ ਲਈ ਖੁੱਲ੍ਹ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾ ਸੰਗਤਾਂ ਦੀ ਬਜਾਏ ਭਾਵੇ ਘੱਟ ਗਿਣਤੀ ਵਿੱਚ ਸੰਗਤਾਂ ਨੂੰ ਕੋਰੋਨਾ ਨਿਯਮਾਂ ਦੇ ਆਧਾਰ ’ਤੇ ਹੀ ਦਰਸ਼ਨ ਦੀਦਾਰ ਕਰਨ ਲਈ ਭੇਜਿਆ ਜਾਵੇ।
ਉਧਰ ਦੂਜੇ ਪਾਸੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਵੱਲੋਂ ਦਿੱਤੇ ਵਿਵਾਦਿਤ ਬਿਆਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਖ਼ਤ ਸਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਸ੍ਰੀ ਦਰਬਾਰ ਸਾਹਿਬ ਬਾਰੇ ਕਿਸੇ ਨੂੰ ਵੀ ਅਪਸ਼ਬਦ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਬਰਦਾਸ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਤੋਂ ਸਖ਼ਤ ਕਰਵਾਈ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਪੁਲਸ ਨੂੰ ਵੀ ਸਿੱਖਾਂ ਤੇ ਕਾਰਵਾਈ ਕਰਨ ਦੀ ਬਜਾਏ ਅਜਿਹੇ ਅਖੋਤੀ ਲੀਡਰ ਤੇ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ।