ਤਲਵੰਡੀ ਸਾਬੋ ਤਾਪ ਘਰ ਦਾ ਤੀਜਾ ਯੂਨਿਟ ਵੀ ਬੰਦ ਹੋ ਗਿਆ ਹੈ। ਅੱਜ ਦੁਪਹਿਰ ਸਮੇਂ ਇਸ ਨੇ ਬਿਜਲੀ ਪੈਦਾ ਕਰਨੀ ਛੱਡ ਦਿੱਤੀ ਹੈ। ਉੱਤਰੀ ਭਾਰਤ ਦੇ ਸਭ ਤੋਂ ਵੱਡੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ’ਚ ਸਥਿਤ ਇਸ ਥਰਮਲ ਪਲਾਂਟ ’ਚ 3 ਯੂਨਿਟ ਹਨ ਅਤੇ ਹੋਰ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 660 ਮੈਗਾਵਾਟ ਹੈ। ਜ਼ਿਕਰਯੋਗ ਹੈ ਕਿ ਪਲਾਂਟ ਦਾ ਪਹਿਲਾ ਯੂਨਿਟ ਮਾਰਚ ਮਹੀਨੇ ਤੋਂ ਬੰਦ ਪਿਆ ਹੈ ਜਦਕਿ ਦੂਜਾ ਲੰਘੀ 4 ਜੁਲਾਈ ਤੋਂ ਬੰਦ ਹੋ ਗਿਆ ਹੈ, ਜੋ ਅਜੇ ਤੱਕ ਠੀਕ ਨਹੀਂ ਹੋਏ।
ਅੱਤ ਦੀ ਗਰਮੀ ਦੇ ਵਿਚਾਲੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 56.9 ਫੁੱਟ ਹੇਠਾਂ ਆ ਗਿਆ ਹੈ। ਇਸ ਦਾ ਪੱਧਰ 2020 ਵਿਚ 1581.50 ਫੁੱਟ ਸੀ, ਜੋ ਇਸ ਸਾਲ 1524.60 ਫੁੱਟ ‘ਤੇ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਡਿੱਗਣ ਕਾਰਨ ਬਿਜਲੀ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ। ਇਹ ਡੈਮ ਪੰਜਾਬ ਨੂੰ 194 ਲੱਖ ਯੂਨਿਟ ਬਿਜਲੀ ਸਪਲਾਈ ਕਰਦਾ ਹੈ।
ਬਿਜਲੀ ਸੰਕਟ ‘ਤੇ ਕਾਬੂ ਪਾਉਣ ਲਈ, ਪੀਐਸਪੀਸੀਐਲ 12 ਕਰੋੜ ਰੁਪਏ ਵਿੱਚ ਹਰ ਰੋਜ਼ ਪੰਜਾਬ ਵਿੱਚ 1000 ਮੈਗਾਵਾਟ ਬਿਜਲੀ ਖਰੀਦ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ 300 ਕਰੋੜ ਰੁਪਏ ਪੀਐਸਪੀਸੀਐਲ ਨੂੰ ਜਾਰੀ ਕੀਤੇ ਹਨ। ਪੀਐਸਪੀਸੀਐਲ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਲਗਭਗ 10 ਘੰਟੇ ਕਿਸਾਨਾਂ ਨੂੰ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਭਾਖੜਾ ਪ੍ਰੋਜੈਕਟ ਕੁੱਲ 1379 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ।