ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਪੈਗਾਸਸ ਜਾਸੂਸੀ, ਕਿਸਾਨ ਅੰਦੋਲਨ ਅਤੇ ਕੁਝ ਹੋਰ ਮਸਲਿਆਂ ‘ਤੇ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿਚ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਅੱਜ ਚਰਚਾ ਕੀਤੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਨੇਤਾ ਮਲਿਕਾਰਜੁਨ ਖੜਗੇ ਨੇ ਸੰਸਦ ਭਵਨ ਚੈਂਬਰ ਵਿੱਚ ਕਾਂਗਰਸ ਅਤੇ ਹਮਖਿਆਲੀ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਕੀਤੀ। ਮੀਟਿੰਗ ਵਿੱਚ ਵੱਖ -ਵੱਖ ਪਾਰਟੀਆਂ ਦੇ ਦੋਵਾਂ ਸਦਨਾਂ ਦੇ ਆਗੂ ਅਤੇ ਸੰਸਦ ਮੈਂਬਰ ਹਾਜ਼ਰ ਸਨ। ਬੈਠਕ ਵਿੱਚ ਸ੍ਰੀ ਖੜਗੇ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਅਤੇ ਆਨੰਦ ਸ਼ਰਮਾ, ਡੀਐੱਮਕੇ ਦੇ ਟੀਆਰ ਬਾਲੂ ਅਤੇ ਤਿਰੂਚੀ ਸਿਵਾ, ਸ਼ਿਵ ਸੈਨਾ ਦੇ ਸੰਜੇ ਰਾਉਤ, ਤ੍ਰਿਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰਾਏ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਵੰਦਨਾ ਚਵਾਨ, ਨੈਸ਼ਨਲ ਕਾਨਫ਼ਰੰਸ ਦੇ ਹਸਨੈਨ ਮਸੂਦੀ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਹੋਏ।