ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਨੇ ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਹਰ ਰੋਜ਼ ਲੋਕਾਂ ਲਈ ਕਈ ਐਲਾਨ ਕੀਤੇ ਜਾ ਰਹੇ ਹਨ, ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਰਾਏਕੋਟ ਲੁਧਿਆਣਾ ਵਿਖੇ ਰੈਲੀ ਨੂੰ ਸੰਬੋਧਨ ਕਰਨ ਪੁੱਜੇ, ਜਿੱਥੇ ਉਨ੍ਹਾਂ ਨੇ ਆਉਣ ਵਾਲੀਆਂ ਚੋਣਾਂ ਅਤੇ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਣ ਦੇ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਿਆ।
ਸਿੱਧੂ ਨੇ ਪੰਜਾਬ ਨੂੰ ਖੋਖਲਾ ਦੱਸਦਿਆਂ ਕਿਹਾ ਕਿ ਅੱਜ ਇਸ ਨੂੰ ਸੁਧਾਰਨ ਦੀ ਲੋੜ ਹੈ ਅਤੇ ਅੱਜ ਹਰ ਪੰਜਾਬੀ ਨੂੰ ਰਾਜਨੀਤੀ ਦਾ ਹਿੱਸਾ ਬਣਨਾ ਪਵੇਗਾ, ਅਗਲੀ ਪੀੜ੍ਹੀ ਨੂੰ ਬਚਾਉਣ ਲਈ ਵੋਟ ਪਾਉਣੀ ਪਵੇਗੀ। ਪੰਜਾਬ ਮਾਡਲ ਨਾਲ ਸੂਬੇ ਦੀ ਹਾਲਤ ਸੁਧਾਰਨੀ ਪਵੇਗੀ। ਕੇਜਰੀਵਾਲ ਅਤੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਮੁਫਤ ਫੰਡ ਅਤੇ ਕੇਜਰੀਵਾਲ ਤੋਂ ਬਚਣਾ ਚਾਹੀਦਾ ਹੈ।
ਸਿੱਧੂ ਨੇ ਅੱਗੇ ਕਿਹਾ ਕਿ ਕੇਜਰੀਵਾਲ ਦੱਸੇ ਕਿ ਉਸ ਨੇ ਕਿਸਾਨਾਂ ਲਈ ਕੀ ਕੀਤਾ ਹੈ?ਉਸਦੇ ਕੋਲ ਇੱਕ ਮੁੱਦਾ ਬਿਜਲੀ ਦਾ ਸੀ ਉਹ ਵੀ ਮੇਰੇ ਛੋਟੇ ਭਰਾ ਚੰਨੀ ਨੇ ਪੰਜਾਬ ‘ਚ ਬਿਜਲੀ ਘੱਟ ਕਰਕੇ ਖ਼ਤਮ ਕਰ ਦਿੱਤਾ।ਦੂਜੇ ਪਾਸੇ ਬਾਦਲ ਪਰਿਵਾਰ ‘ਤੇ ਸ਼ਬਦੀ ਹਮਲਾ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਬਾਦਲਾਂ ਨੇ ਸਦਾ ਹੀ ਪੰਜਾਬ ਨੂੰ ਲੁੱਟਿਆ ਹੈ, ਪੰਜਾਬ ‘ਚ ਟ੍ਰਾਂਸਪੋਰਟ ਮਾਫੀਆ ਨੂੰ ਲਿਆਉਣ ਵਾਲੇ ਵੀ ਬਾਦਲ ਹਨ।
ਸਿੱਧੂ ਨੇ ਕਿਹਾ ਕਿ ਮੈਂ ਨਾ ਹੀ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਹਾਂ ਨਾ ਮੈਂ ਵਾਅਦਾ ਕਰਦਾ ਹਾਂ ਕਿਉਂਕਿ ਮੈਂ ਜ਼ੁਬਾਨ ਦਾ ਪੱਕਾ ਹਾਂ।ਇਸ ਵਾਰ ਅਸੀਂ ਪੰਜਾਬ ‘ਚ ਅਜਿਹਾ ਮਾਡਲ ਲੈ ਕੇ ਆਵਾਂਗੇ ਕਿ ਇਕੱਠੇ ਮਿਲ ਕੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਵਾਂਗੇ।