ਵਿਧਾਨ ਸਭਾ ਚੋਣਾਂ ਵਿੱਚ ਅਜੇ ਕਰੀਬ ਛੇ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਹੁਣ ਤੋਂ ਹੀ ਆਪਣੇ ਦਫਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਦੇ ਤਹਿਤ ਨਾਭਾ ਵਿਖੇ ਅਨਮੋਲ ਗਗਨ ਮਾਨ ਸਹਿ ਪ੍ਰਧਾਨ ਆਪ ਪਾਰਟੀ ਪੰਜਾਬ ਵੱਲੋਂ ਦਫਤਰ ਖੋਲ੍ਹਣ ਤੋਂ ਪਹਿਲਾਂ ਯੂਥ ਕਾਂਗਰਸ ਨਾਭਾ ਬਲਾਕ ਦੇ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਵੱਲੋਂ ਅਨਮੋਲ ਗਗਨ ਮਾਨ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਅਨਮੋਲ ਗਗਨ ਮਾਨ ਨਾਭਾ ਵਿਖੇ ਉਦਘਾਟਨ ਕਰਨ ਤਾਂ ਪਹੁੰਚੇ ਪਰ ਕਈ ਆਪ ਆਗੂ ਇਸ ਉਦਘਾਟਨ ਤੋਂ ਗਾਇਬ ਵਿਖਾਈ ਦਿੱਤੇ।
ਨਾਭਾ ਵਿਖੇ ਅਨਮੋਲ ਗਗਨ ਮਾਨ ਵੱਲੋਂ ਅੱਜ ਆਪ ਪਾਰਟੀ ਦੇ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਤਾਂ ਯੂਥ ਕਾਂਗਰਸ ਨਾਭਾ ਬਲਾਕ ਦੇ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਵੱਲੋਂ ਆਪਣੇ ਸਾਥੀਆਂ ਸਮੇਤ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਤੇ ਯੂਥ ਕਾਂਗਰਸ ਨਾਭਾ ਦੇ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਨੇ ਕਿਹਾ ਕਿ ਅਸੀਂ ਇਸ ਕਰਕੇ ਕਾਲੀਆਂ ਝੰਡੀਆਂ ਵਿਖਾ ਰਹੇ ਹਾਂ ਕਿਉਂਕਿ ਕੇਜਰੀਵਾਲ ਜਦੋਂ ਪੰਜਾਬ ਆਉਂਦਾ ਹੈ ਹੋਰ ਗੱਲ ਕਰਦਾ ਹੈ ਅਤੇ ਜਦੋਂ ਦਿੱਲੀ ਜਾਂਦਾ ਏ ਹੋਰ ਗੱਲ ਕਰਦਾ ਇਸ ਲਈ ਅਸੀਂ ਕਾਲੀਆਂ ਝੰਡੀਆਂ ਦਿਖਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਦੋ ਸੌ ਬਿਜਲੀ ਮੁਫ਼ਤ ਦੇ ਰਿਹਾ ਹੈ ਅਤੇ ਇਹ ਤਿੱਨ ਸੌ ਦੀ ਗੱਲ ਕਰ ਰਹੇ ਹਨ ਇਹ ਫੋਕੀਆਂ ਗੱਲਾਂ ਕਰ ਰਹੇ ਹਨ ਆਪ ਪਾਰਟੀ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ ਅਤੇ ਜਦੋਂ ਵੀ ਨਾਭੇ ਹਲਕੇ ਵਿੱਚ ਕੋਈ ਆਪ ਪਾਰਟੀ ਦਾ ਆਗੂ ਆਏਗਾ ਅਸੀਂ ਕਾਲੀਆਂ ਝੰਡੀਆਂ ਵਿਖਾਵਾਂਗੇ।
ਇਸ ਮੌਕੇ ਤੇ ਅਨਮੋਲ ਗਗਨ ਮਾਨ ਸਹਿ ਪ੍ਰਧਾਨ ਆਪ ਪਾਰਟੀ ਪੰਜਾਬ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਵੱਲੋਂ ਝੰਡੇ ਵਿਖਾਏ ਜਾ ਰਹੇ ਹਨ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਆਉਣੀ ਤੈਅ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਆਪ ਪਾਰਟੀ ਦੇ ਕਈ ਆਗੂ ਇੱਥੇ ਨਹੀਂ ਆਏ ਤਾਂ ਉਹ ਕੁਝ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਅਨਮੋਲ ਗਗਨ ਮਾਨ ਨੇ ਕਿਹਾ ਕਿ ਜੋ ਹੁਣ ਹਲਕਾ ਇੰਚਾਰਜ ਬਣਾਏ ਗਏ ਹਨ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਟਿਕਟ ਮਿਲੇਗੀ।