ਔਕਲੈਂਡ 16 ਜੁਲਾਈ, 2021: ਨਿਊਜ਼ੀਲੈਂਡ ਦੀ ਲੇਬਰ ਸਰਕਾਰ ਨੇ ਆਮ ਨੌਕਰੀ ਪੇਸ਼ਾ ਵਾਲਿਆਂ ਦੀਆਂ ਜੇਬਾਂ ਦੇ ਵਿਚ ਤਾਂ ਕਰੋਨਾ ਦੇ ਚਲਦਿਆਂ ਕੁਝ ਨਾ ਕੁਝ ਪਾਉਣ ਦੀ ਕੋਸ਼ਿਸ ਕੀਤੀ, ਪਰ ਕਿਸਾਨਾਂ ਦੇ ਖੀਸਿਆਂ ਦੇ ਵਿਚ ਨਾ-ਮਾਤਰ ਹੀ ਕੁਝ ਗਿਆ। ਕਾਮਿਆ ਦੀ ਖਾਤਿਰ ਤਾਂ ਸਬ ਸਿਡੀਆਂ ਮਿਲ ਗਈਆਂ ਪਰ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਉਸਦੀ ਭਰਪਾਈ ਵਾਸਤੇ ਕੁਝ ਖਾਸ ਨਾ ਕੀਤਾ ਗਿਆ। ਕਿਸਾਨ ਪਹਿਲਾਂ ਹੀ ਕਾਮਿਆਂ ਦੀ ਘਾਟ ਕਾਰਨ ਪ੍ਰੇਸ਼ਾਨੀ ਦੇ ਵਿਚ ਚੱਲ ਰਹੇ ਸਨ ਅਤੇ ਉਪਰੋਂ ਸਰਕਾਰ ਦੀ ਸਖਤ ਹੁੰਦੀ ਜਾ ਰਹੀ ਨਿਯਮਾਂਵਾਲੀ ਵੀ ਉਨ੍ਹਾਂ ਦੇ ਸਿਰ ਉਤੇ ਪੈ ਰਹੀ ਸੀ।
ਅਜਿਹੇ ਕੁਝ ਕਾਰਨ ਕਰਕੇ ਹੁਣ ਨਿਊਜ਼ੀਲੈਂਡ ਦੇ ਕਿਸਾਨਾਂ ਨੇ ਅੱਜ ਦੇਸ਼ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦਾ ਬੀੜਾ ਚੁੱਕਿਆ ਹੈ। ਨਿਊਜ਼ੀਲੈਂਡ ਦੇ 50-55 ਵੱਖ-ਵੱਖ ਥਾਵਾਂ ਉਤੇ ਕਿਸਾਨ ਆਪਣੇ ਵੱਡੇ-ਛੋਟੇ ਟਰੈਕਟਰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਦੇ ਵਾਸਤੇ ਸੜਕਾਂ ਜਿਨ੍ਹਾਂ ਵਿਚ ਮੋਟਰ ਵੇਅ, ਹਾਈ ਵੇਅ, ਐਕਸਪ੍ਰੈਸ ਵੇਅ ਅਤੇ ਸ਼ਹਿਰੀ ਸੜਕਾਂ ਦੇ ਵਿਚ ਨਿਕਲ ਪਏ ਹਨ।
ਇਹ ਵਿਰੋਧ ਪ੍ਰਦਰਸ਼ਨ ਸਾਫ ਪਾਣੀ, ਸਵਦੇਸ਼ੀ ਜੈਵਿਕ ਵਿਭਿੰਨਤਾ, ਵਾਹਨ ਅਤੇ ਵਾਤਾਵਰਣ ਬਦਲਾਅ ਨੂੰ ਲੈ ਕੇ ਬਣ ਰਹੇ ਨਿਯਮਾਂ ਦੇ ਸਬੰਧ ਵਿਚ ਕੀਤਾ ਗਿਆ। ਵੱਡੇ-ਵੱਡੇ ਟਰੈਕਟਰ, ਯੂਟ, ਕਿਸਾਨਾਂ ਦੇ ਕੁੱਤੇ ਅਤੇ ਹੋਰ ਵੱਡੇ ਵਾਹਨ ਅੱਜ ਔਕਲੈਂਡ ਸ਼ਹਿਰ ਦੀਆਂ ਸੜਕਾਂ ਉਤੇ ਲੰਬੀ ਕਤਾਰ ਦੇ ਵਿਚ ਟਹਿਲਦੇ ਨਜ਼ਰ ਆਏ। ਲੋਕਾਂ ਨੇ ਸੜਕਾਂ ਕੰਢੇ ਖੜਕੇ ਹਾਰਨ ਮਾਰ ਕੇ ਉਨ੍ਹਾਂ ਦਾ ਸਮਰਥਨ ਕੀਤਾ। ਕਿਸਾਨਾਂ ਨੇ ਆਪਣੇ ਟਰੈਕਟਰ ਉਤੇ ਦੇਸ਼ ਦਾ ਰਾਸ਼ਟਰੀ ਝੰਡਾ ਲਾਇਆ ਹੋਇਆ ਸੀ।