ਕਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਝੱਲ ਰਹੇ ਭਾਰਤ ਦੇ ਕਈ ਸੂਬੇ ਇਸ ਵੇਲੇ ਕਰੋਨਾ ਵੈਕਸੀਨ ਦੀ ਕਿੱਲਤ ਨਾਲ ਜੂਝ ਰਹੇ ਹਨ। ਅਜਿਹੇ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਚੰਗੀ ਸਲਾਹ ਦਿੱਤੀ ਹੈ। ਗਡਕਰੀ ਨੇ ਕਿਹਾ ਕਿ ਦੇਸ਼ ‘ਚ ਵੈਕਸੀਨ ਬਣਾਉਣ ਲਈ ਦੂਜੀ ਕੰਪਨੀਆਂ ਨੂੰ ਵੀ ਲਾਇਸੈਂਸ ਮਿਲਣਾ ਚਾਹੀਦਾ ਹੈ ਤਾਂ ਕਿ ਉਤਪਾਦਨ ਵਧਾਇਆ ਜਾ ਸਕੇ ਤੇ ਅਜਿਹਾ ਕਰਨ ਨਾਲ ਮਹਿਜ਼ 15-20 ਦਿਨਾਂ ‘ਚ ਵੈਕਸੀਨ ਦੀ ਕਿੱਲਤ ਨੂੰ ਦੂਰ ਕੀਤਾ ਜਾ ਸਕਦਾ ਹੈ।
ਵੀਡੀਓ ਕਾਨਫਰੰਸਿੰਗ ਰਾਹੀਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਅਪੀਲ ਕਰਨਗੇ ਕਿ ਦੇਸ਼ ’ਚ ਜੀਵਨ ਰੱਖਿਅਕ ਦਵਾਈਆਂ ਦਾ ਉਤਪਾਦਨ ਵਧਾਉਣ ਲਈ ਹੋਰ ਦਵਾਈ ਕੰਪਨੀਆਂ ਨੂੰ ਮਨਜ਼ੂਰੀ ਦੇਣ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਇਸ ਵਿਚ ਦਵਾਈ ਦੇ ਪੇਟੈਂਟ ਧਾਰਕ ਨੂੰ ਦੂਜੀਆਂ ਦਵਾਈ ਕੰਪਨੀਆਂ ਦੁਆਰਾ 10 ਫੀਸਦੀ ਰਾਇਲਟੀ ਦੇਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਟੀਕੇ ਦੀ ਸਪਲਾਈ ਦੇ ਮੁਕਾਬਲੇ ਉਸ ਦੀ ਮੰਗ ਜ਼ਿਆਦਾ ਹੋਵੇਗੀ ਤਾਂ ਇਸ ਨਾਲ ਸਮੱਸਿਆ ਖੜ੍ਹੀ ਹੋਵੇਗੀ। ਇਸ ਲਈ ਇਕ ਕੰਪਨੀ ਦੀ ਬਜਾਏ 10 ਹੋਰ ਕੰਪਨੀਆਂ ਨੂੰ ਟੀਕੇ ਦਾ ਉਤਪਾਦਨ ਕਰਨ ’ਚ ਲਗਾਇਆ ਜਾਣਾ ਚਾਹੀਦਾ ਹੈ। ਇਸ ਲਈ ਟੀਕੇ ਦੇ ਮੂਲ ਪੇਟੈਂਟ ਧਾਰਕ ਕੰਪਨੀ ਨੂੰ ਦੂਜੀਆਂ ਕੰਪਨੀਆਂ ਦੁਆਰਾ 10 ਫੀਸਦੀ ਰਾਇਲਟੀ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।
ਨਿਤਿਨ ਗਡਕਰੀ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸੰਬੰਧ ’ਚ ਚਿੱਠੀ ਲਿਖ ਕੇ ਕਿਹਾ ਕਿ ਕੇਂਦਰ ਨੂੰ ਟੀਕਾ ਬਣਾਉਣ ਵਾਲੀਆਂ ਦੋਵਾਂ ਕੰਪਨੀਆਂ ਦਾ ਫਾਰਮੂਲਾ ਦੂਜੀਆਂ ਸਮਰੱਥ ਦਵਾਈ ਨਿਰਮਾਤਾ ਕੰਪਨੀਆਂ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਟੀਕੇ ਦਾ ਉਤਪਾਦਨ ਵਧਾਇਆ ਜਾ ਸਕੇ। ਮੌਜੂਦਾ ਸਮੇਂ ’ਚ ਦੇਸ਼ ’ਚ ਕੋਰੋਨਾ ਰੋਕੂ ਟੀਕੇ ਦਾ ਉਤਪਾਦਨ ਦੋ ਕੰਪਨੀਆਂ ਕਰ ਰਹੀਆਂ ਹਨ। ਅਜਿਹੇ ‘ਚ ਕੇਜਰੀਵਾਲ ਨੇ ਕਿਹਾ ਕਿ ਸਾਨੂੰ 2 ਕੰਪਨੀਆਂ ‘ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਬਲਕਿ ਹੋਰ ਕਫਨੀਆਂ ਨੂੰ ਵੀ ਵੈਕਸੀਨ ਬਣਾਉਣ ਦੇ ਹੁਕਮ ਦੇਣੇ ਚਾਹੀਦੇ ਨੇ।