ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ‘ਚ ਉਗਰਵਾਦ ਦੇ ਖਿਲਾਫ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕਰਦੇ ਆਏ ਹਨ। ਉਨ੍ਹਾਂ ਵੱਲੋਂ ਅੱਜ ਪੰਜਾਬ ਦੇ ਸੰਗਰੂਰ ਤੇ ਬਰਨਾਲੇ ਦੀਆਂ ਬੱਸਾਂ ‘ਚ ਧਰਮ ਵਿਰੋਧੀ ਸ਼ਬਦਾਵਲੀ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਉਂ ਪੰਜਾਬ ਦੇ ਕੁਝ ਲੋਕ ਸੂਬੇ ਦੇ ਅਜਿਹੇ ਹਾਲਾਤ ਬਣਾਉਣਾ ਚਾਹੁੰਦੇ ਹਨ, ਜਿਵੇਂ ਕਿ ਬੀਤੇ ਦਿਨੀਂ ਰਾਜਸਤਾਨ ਦੇ ਬਣ ਗਏ ਸੀ। ਉਥੇ ਵੀ ਧਾਰਮਿਕ ਗੱਲ ‘ਤੇ ਹੀ ਅਜਿਹੇ ਆਲਾਤ ਪੈਦਾ ਹੋ ਗਏ ਸਨ, ਕਿ ਲੋਕਾਂ ਨੂੰ ਆਪਣੀ ਜਾਨਾਂ ਤੋਂ ਹੱਥ ਧੌਣਾ ਪਿਆ।
ਉਨ੍ਹਾਂ ਕਿਹਾ ਕਿ ਅਸੀਂ ਫਿਰ ਨਹੀਂ ਹੱਟ ਰਹੇ ਕਦੇ ਸੰਤ ਭਿੰਡਰਾਵਾਲੇ ਜੀ ਦੀ ਫੋਟੋ ਤੇ ਕਦੇ ਹਵਾਰੇ ਦੀ ਫੋਟੋ ‘ਤੇ ਬੱਸਾਂ ‘ਚ ਗੈਰਧਾਰਮਿਕ ਸ਼ਬਦ ਲਿਖੇ ਜਾਂਦੇ ਹਨ। ਸਾਨੂੰ ਅਜਿਹਾ ਕਦੇ ਵੀ ਨਹੀਂ ਬੋਲਣਾ ਤੇ ਲਿਖਣਾ ਚਾਹੀਦਾ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ ਤੇ ਕਿਸੇ ਦੇ ਧਰਮ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੀਦਾ। ਸਾਨੂੰ ਲੋਕਾਂ ਦੇ ਮਨਾਂ ‘ਚ ਅੱਗ ਨਹੀਂ ਲਾਉਣੀ ਚਾਹੀਦੀ ਪਹਿਲਾਂ ਹੀ ਪੰਜਾਬ ਦਾ ਤੇ ਪੰਜਾਬ ਦੀ ਨੌਜਵਾਨੀ ਦਾ ਕਾਫੀ ਘਾਣ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਅਜਿਹਾ ਕੰਮ ਕਰ ਰਹੇ ਹਨ। ਉਹ ਭਾਵੇ ਕਿਸੇ ਵੀ ਧਰਮ ਨੂੰ ਕਿਉਂ ਨਾ ਮੰਨਦੇ ਹੋਣ ਪਰ ਅਸਲ ‘ਚ ਉਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ।
ਐੱਸ.ਵਾਈ.ਐੱਲ. ਕੈਨਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਐੱਸ.ਵਾਈ.ਐੱਲ. ਦਾ ਪਾਣੀ ਚੱਲਿਆ ਹੀ ਨਹੀਂ, ਤਾਂ ਅਜਿਹੀਆਂ ਗੱਲਾਂ ਕਿਉਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ ਸਾਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਾਰੇ ਧਰਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਜੋ ਸੰਗਰੂਰ ਤੇ ਬਰਨਾਲੇ ਦੀਆਂ ਪੀ.ਆਰ.ਟੀ.ਸੀ. ਬੱਸਾਂ ‘ਚ ਇਤਰਾਜਯੋਗ ਸ਼ਬਦ ਲਿਖੇ ਗਏ ਹਨ। ਇਨ੍ਹਾਂ ਸ਼ਬਦਾਂ ‘ਤੇ ਸਾਨੂੰ ਕੋਈ ਵੀ ਅਜਿਹੀ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ ਜਿਸ ਨਾਲ ਪੰਜਾਬ ‘ਚ ਰਾਜਸਤਾਨ ਵਰਗਾ ਹਾਲ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਕੁਝ-ਕੁ ਪਾਗਲ ਤੇ ਗਵਾਰ ਲੋਕ ਹੁੰਦੇ ਹਨ, ਜੋ ਅਜਿਹੀਆਂ ਹਰਕਤਾਂ ਕਰਦੇ ਹਨ। ਇਹ ਸਿਰਫ 2-4 ਫੀਸਦੀ ਲੋਕ ਹਨ। ਸਾਨੂੰ ਇਨ੍ਹਾਂ ਪਿੱਛੇ ਲੱਗ ਕੇ ਪੰਜਾਬ ਦੀ ਅਮਨ-ਸ਼ਾਂਤੀ ਬਰਬਾਦ ਨਹੀਂ ਕਰਨੀ ਚਾਹੀਦੀ। ਸਾਰੇ ਧਰਮ ਇਕ ਸਮਾਨ ਹੁੰਦੇ ਹਨ ਕੋਈ ਵੀ ਧਰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸਾਰਿਆਂ ਨੂੰ ਇਕ ਦੂਜੇ ਦੇ ਧਰਮ ਦਾ ਸੰਮਾਨ ਕਰਨਾ ਚਾਹੀਦਾ ਹੈ।