ਪਾਕਿਸਤਾਨ ਦੀ ਸੰਸਦ ‘ਚ ਇਸ ਸਮੇਂ ਹਾਈ ਵੋਲਟੇਜ ਡਰਾਮਾ ਚੱਲ ਰਿਹਾ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਬਾਅਦ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। ਪੀਐੱਮਐੱਲ-ਐੱਨ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੂੰ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਚੁਣ ਲਿਆ ਹੈ।
ਦੱਸ ਦੇਈਏ ਕਿ ਪਾਕਿਸਤਾਨ ਸੰਸਦ ‘ਚ ਵਿਰੋਧੀ ਧਿਰ ਦਾ ਕਬਜ਼ਾ ਦੇਖਣ ਨੂੰ ਮਿਲਿਆ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਧਰਨੇ ‘ਤੇ ਬੈਠੀਆਂ ਵਿਰੋਧੀ ਪਾਰਟੀਆਂ ਨੇ ਸੰਸਦ ‘ਤੇ ਕਬਜ਼ਾ ਕਰ ਲਿਆ। ਵਿਰੋਧੀ ਧਿਰ ਨੇ ਅਯਾਜ਼ ਸਾਦਿਕ ਨੂੰ ਆਪਣਾ ਸਪੀਕਰ ਚੁਣ ਲਿਆ ਅਤੇ ਬੇਭਰੋਸਗੀ ਮਤੇ ‘ਤੇ ਵੋਟ ਪਾਈ। ਵਿਰੋਧੀ ਧਿਰ ਮੁਤਾਬਕ ਬੇਭਰੋਸਗੀ ਮਤੇ ਦੇ ਹੱਕ ਵਿੱਚ 195 ਵੋਟਾਂ ਪਈਆਂ ਹਨ।
ਵਿਰੋਧੀ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਬਣਾਏ ਗਏ ਪੀਐੱਮਐੱਲ-ਐੱਨ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖਾਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਮਰਾਨ ਦੀ ਇਹ ਸੋਚ ਹੈ ਕਿ ਮੈਂ ਨਾ ਤਾਂ ਖੇਡਾਂਗਾ ਅਤੇ ਨਾ ਹੀ ਖੇਡਣ ਦੇਵਾਂਗਾ… ਅਸੀਂ ਇਸ ਦੇ ਖਿਲਾਫ ਸੁਪਰੀਮ ਕੋਰਟ ਜਾ ਰਹੇ ਹਾਂ। ਉਹ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਹਨ। ਦੇਸ਼ ਅੰਦਰ ਅਜਿਹਾ ਡਰ ਪੈਦਾ ਹੋ ਗਿਆ ਹੈ ਕਿ ਕੁਝ ਵੀ ਹੋ ਸਕਦਾ ਹੈ। ਜੇਕਰ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ ਕਿ ਸੰਵਿਧਾਨ ਦੀ ਪਾਲਣਾ ਹੋਵੇ ਅਤੇ ਜੋ ਹੋਇਆ ਉਹ ਗਲਤ ਹੋਇਆ ਹੈ, ਤਾਂ ਸਹੀ ਹੋਵੇਗਾ।” ਉਨ੍ਹਾਂ ਸਵਾਲ ਕੀਤਾ ਕਿ ਵੋਟਿੰਗ ਕਿਉਂ ਨਹੀਂ ਹੋਈ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ।