ਸ਼ਨੀਵਾਰ ਦੇਰ ਰਾਤ ਤੇਜ਼ ਹਵਾਵਾਂ ਅਤੇ ਤੂਫਾਨ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ। ਹਨੇਰੀ ਝਖੜ ਨਾਲ ਭਾਰੀ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਨੂੰ ਪੁੱਟ ਸੁੱਟਿਆ ਜਿਸ ਕਾਰਨ ਕਈ ਥਾਂ ਬਿਜਲੀ ਗੁੱਲ ਰਹੀ।ਕੁਝ ਜ਼ਿਲ੍ਹਿਆਂ ਵਿੱਚ, ਸਮੱਗਰੀ ਦੀ ਘਾਟ ਕਾਰਨ ਸਪਲਾਈ ਬਹਾਲ ਕੀਤੀ ਜਾਣੀ ਅਜੇ ਵੀ ਬਾਕੀ ਹੈ।ਮੁਹਾਲੀ, ਪਟਿਆਲਾ, ਸੰਗਰੂਰ, ਬਠਿੰਡਾ ਜਿਹੇ ਜ਼ਿਲ੍ਹਿਆਂ ਅਤੇ ਫਤਿਹਗੜ ਸਾਹਿਬ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਦੇ ਬਾਅਦ ਬਿਜਲੀ ਸਪਲਾਈ ਪ੍ਰਭਾਵਤ ਹੋਈ।
ਮੋਰਿੰਡਾ, ਚਮਕੌਰ ਸਾਹਿਬ ਅਤੇ ਆਸ ਪਾਸ ਦੇ ਸੈਂਕੜੇ ਪਿੰਡਾਂ ਵਿੱਚ ਤੂਫਾਨ ਨਾਲ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਰਹੀ।ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਾਮ ਤੱਕ ਮੋਰਿੰਡਾ ਅਤੇ ਚਮਕੌਰ ਸਾਹਿਬ ਕਸਬਿਆਂ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ।ਸਾਰੇ ਪ੍ਰਭਾਵਤ ਇਲਾਕਿਆਂ ਦੀ ਸਪਲਾਈ ਬਹਾਲ ਕਰਨ ਵਿਚ ਘੱਟੋ-ਘੱਟ 24 ਘੰਟੇ ਲੱਗਣਗੇ।
ਚੰਡੀਗੜ੍ਹ ਵਿੱਚ ਵੀ ਰਾਤ ਨੂੰ ਆਏ ਤੂਫਾਨ ਕਾਰਨ ਸ਼ਹਿਰ ਨੂੰ ਬਹੁਤ ਨੁਕਸਾਨ ਹੋਇਆ ਹੈ। ਥਾਂ ਥਾਂ ਰੁੱਖ ਪੁੱਟੇ ਗਏ ਹਨ।ਕਈ ਥਾਵਾਂ ‘ਤੇ ਵਾਹਨਾਂ ਦੇ ਉਪਰ ਦਰੱਖਤ ਡਿੱਗਣ ਕਾਰਨ ਵਾਹਨ ਨੁਕਸਾਨੇ ਗਏ ਹਨ।ਇਸਦੇ ਨਾਲ ਹੀ, ਬਿਜਲੀ ਖਰਾਬ ਹੋਣ ਕਾਰਨ ਕੁਝ ਖੇਤਰਾਂ ਵਿੱਚ ਅਜੇ ਵੀ ਬੱਤੀ ਗੁੱਲ ਹੈ।ਹਾਲਾਂਕਿ ਐਤਵਾਰ ਸਵੇਰੇ ਸ਼ਹਿਰ ਵਿੱਚ ਮੌਸਮ ਸਾਫ਼ ਹੈ ਅਤੇ ਧੁੱਪ ਲੱਗੀ ਹੋਈ ਹੈ।