ਇਥੇ ਵਾਰਡ ਨੰਬਰ 15 ਦੀ ਕਾਠਪੁੱਲ ਬਸਤੀ ’ਚ ਲੰਘੀ ਰਾਤ ਚਾਰ ਲੁਟੇਰਿਆਂ ਨੇ ਘਰ ਅੰਦਰ ਦਾਖਲ ਹੋਕੇ ਪਿਸਤੋਲ ਦਿਖਾ ਕੇ ਬਿਰਧ ਜੋੜੇ ਸੇਵਾਮੁਕਤ ਬਿਜਲੀ ਕਰਮਚਾਰੀ ਸਿਰੀ ਰਾਮ ਪੁੱਤਰ ਰਾਮ ਨਵਲ ਤੇ ਉਸ ਦੀ ਪਤਨੀ ਸਿੰਗਾਰੀ ਦੇਵੀ ਨੂੰ ਬੰਦੀ ਬਣਾ ਕੇ ਸੋਨਾ, ਨਕਦੀ ਅਤੇ ਸਾਮਾਨ ਲੁੱਟ ਲਿਆ। ਸਿਰੀ ਰਾਮ ਬਿਜਲੀ ਬੋਰਡ ’ਚੋਂ ਸੇਵਾਮੁਕਤ ਹੋਣ ਮਗਰੋ ਕਾਠਪੁੱਲ ਬਸਤੀ ’ਚ ਕਰਿਆਣੇ ਦੀ ਦੁਕਾਨ ਕਰਦਾ ਸੀ ਅਤੇ ਪਤਨੀ ਸਮੇਤ ਉਥੇ ਰਹਿੰਦਾ ਸੀ। ਇੱਕ ਕਮਰਾ ਕਿਰਾਏ ’ਤੇ ਦਿੱਤਾ ਹੋਇਆ ਸੀ। ਸਿਰੀ ਰਾਮ ਨੇ ਦੱਸਿਆ ਕਿ ਰਾਤ ਕਰੀਬ ਇੱਕ-ਡੇਢ ਵਜੇ ਚਾਰ ਨਕਾਬਪੋਸ਼ਾਂ ਨੇ ਘਰ ’ਚ ਦਾਖਲ ਹੋਕੇ ਘਰ ਦੇ ਵਿਹੜੇ ’ਚ ਸੁੱਤੇ ਉਸ ਨੂੰ ਅਤੇ ਪਤਨੀ ਨੂੰ ਪਰਨੇ ਤੇ ਚੂਨੀ ਨਾਲ ਬੰਨ੍ਹਿਆ ਤੇ ਉਨਾਂ ਦੇ ਪਹਿਨੇ ਗਹਿਣੇ ਝਪਟ ਮਾਰਕੇ ਖੋਹਣ ਪਿੱਛੋ ਘਰ ਦੇ ਕਮਰੇ ’ਚ ਦਾਖਲ ਹੋਕੇ ਕਰੀਬ ਘੰਟਾ ਭਰ ਘਰ ਦੀ ਤਲਾਸ਼ੀ ਲਈ ਅਤੇ ਸੋਨੇ ਦੀ ਛਾਪ, ਚੈਨੀ, ਟਾਪਸ, ਏਟੀਐੱਮ ਕਾਰਡ, ਬੈਂਕ ਦੀ ਕਾਪੀ ਲੁੱਟ ਲਈ। ਲੁਟੇਰਿਆਂ ਨੇ ਕਿਰਾਏਦਾਰ ਮਨਪ੍ਰੀਤ ਸਿੰਘ ਦੇ ਕਮਰੇ ’ਚ ਵੀ ਫਰੋਲਾ ਫਰੋਲੀ ਕੀਤੀ ਅਤੇ ਬਾਹਰੋਂ ਕੁੰਡਾ ਲਾ ਦਿੱਤਾ। ਸਿਰੀ ਰਾਮ ਤੇ ਪਤਨੀ ਨੂੰ ਰੌਲਾ ਨਾ ਪਾਉਣ ਦੀ ਧਮਕੀ ਦੇ ਕੇ ਬਾਹਰੋਂ ਕੁੰਡਾ ਲਾਕੇ ਫਰਾਰ ਹੋ ਗਏ। ਕਿਸੇ ਤਰ੍ਹਾਂ ਕਿਰਾਏਦਾਰ ਨੇ ਆਪਣਾ ਕਮਰਾ ਅੰਦਰੋਂ ਖੋਲ੍ਹ ਕੇ ਪਤੀ-ਪਤਨੀ ਨੂੰ ਵੀ ਬਾਹਰ ਕੱਢਿਆ। ਘੱਗਰ ਨਹਿਰ ਕਿਨਾਰੇ ਉਨ੍ਹਾਂ ਦਾ ਟਰੰਕ ਬਰਾਮਦ ਕੀਤਾ। ਉਪ ਪੁਲੀਸ ਕਪਤਾਨ ਰਛਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਤਲਾਹ ਮਿਲਣ ’ਤੇ ਘਰ ਦਾ ਜਾਇਜ਼ਾ ਲਿਆ ਅਤੇ ਚਾਰ ਅਣਪਛਾਤਿਆਂ ਖਿਲਾਫ਼ ਸਿਟੀ ਪੁਲੀਸ ’ਚ ਧਾਰਾ 380,506 ਅਧੀਨ ਕੇਸ ਦਰਜ ਕਰ ਲਿਆ ਹੈ।