ਦੇਸ਼ ਵਿਚ ਕੋਰੋਨਾ ਮਹਾਮਾਰੀ ਵਧਦੀ ਜਾ ਰਹੀ ਹੈ। ਇਸੇ ਵਿਚਾਲੇ ਟੀਕਾਕਰਨ ਦਾ ਕੰਮ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਕ ਮਾਹਿਰ ਕਮੇਟੀ ਨੇ 2-18 ਸਾਲ ਉਮਰ ਵਰਗ ਦੇ ਬੱਚਿਆਂ ਲਈ ਭਾਰਤ ਬਾਇਓਟੈੱਕ ਦੇ ਕੋਵਿਡ-19 ਟੀਕੇ ਕੋਵੈਕਸੀਨ ਦੇ ਦੂਜੇ ਤੇ ਤੀਜੇ ਪੜਾਅ ਲਈ ਟ੍ਰਾਇਲ ਦੀ ਸਿਫਾਰਸ਼ ਕੀਤੀ ਸੀ। ਜਿਸਨੂੰ ਮਨਜ਼ੂਰੀ ਵੀ ਮਿਲ ਗਈ ਹੈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਟ੍ਰਾਇਲ ਦਿੱਲੀ ਤੇ ਪਟਨਾ ਦੇ ਏਮਸ ਅਤੇ ਨਾਗਪੁਰ ਸਥਿਤ ਮੈਡੀਟ੍ਰਿਨਾ ਮੈਡੀਕਲ ਸਾਇੰਸ ਇਸਟੀਚਿਊਟ ਸਮੇਤ ਵੱਖ-ਵੱਖ ਥਾਵਾਂ ’ਤੇ ਕੀਤਾ ਜਾਵੇਗਾ।
ਕੇਂਦਰੀ ਔਸ਼ਧੀ ਮਾਪਦੰਡ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਦੀ ਕੋਵਿਡ-19 ਵਿਸ਼ੇ ਦੀ ਮਾਹਿਰ ਕਮੇਟੀ ਨੇ ਭਾਰਤ ਬਾਇਓਟੈੱਕ ਦੀ ਉਸ ਅਪੀਲ ’ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿਚ ਉਸ ਦੇ ਕੋਵੈਕਸੀਨ ਟੀਕੇ ਦੀ 2 ਸਾਲ ਤੋਂ 18 ਸਾਲ ਦੇ ਬੱਚਿਆਂ ਵਿਚ ਸੁਰੱਖਿਆ ਤੇ ਰੋਗ-ਰੋਕੂ ਸਮਰੱਥਾ ਵਧਾਉਣ ਸਮੇਤ ਹੋਰ ਚੀਜ਼ਾਂ ਦਾ ਵਿਸ਼ਲੇਸ਼ਣ ਕਰਨ ਲਈ ਪਰਖ ਦੀ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ ਗਈ ਸੀ। ਵੱਡੀ ਅਤੇ ਰਾਹਤ ਭਰੀ ਖ਼ਬਰ ਇਹ ਹੈ ਕਿ DCGI (ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ) ਨੇ ਵੈਕਸੀਨੇਸ਼ਨ ਦੇ ਫੇਜ਼ 2 ਤੇ 3 ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਬਾਇਓਟੈੱਕ 525 ਸਿਹਤਮੰਦ ਵਲੰਟੀਅਰਾਂ ‘ਤੇ ਇਸਦਾ ਟ੍ਰਾਇਲ ਕਰੇਗਾ।
ਓਧਰ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੇ ਅਗਲੇ 4 ਮਹੀਨਿਆਂ ਦੀ ਆਪਣੀ ਉਤਪਾਦਨ ਯੋਜਨਾ ਕੇਂਦਰ ਨੂੰ ਸੌਂਪੀ ਹੈ, ਜਿਸ ਵਿਚ ਉਨ੍ਹਾਂ ਨੇ ਸੂਚਿਤ ਕੀਤਾ ਹੈ ਕਿ ਅਗਸਤ ਤਕ ਉਹ ਕ੍ਰਮਵਾਰ 10 ਕਰੋੜ ਤੇ 7.8 ਕਰੋੜ ਖੁਰਾਕਾਂ ਤਕ ਆਪਣਾ ਉਤਪਾਦਨ ਵਧਾਉਣਗੇ