ਕਿਸਾਨ ਲੰਮੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਦੇ 3 ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੈਠੇ ਹਨ | ਬੀਤੇ ਦਿਨ ਕਿਸਾਨਾਂ ਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਜਿਸ ਦੇ ਵਿਰੋਧ ‘ਚ ਕਿਸਾਨ ਕਰਨਾਲ ਦੇ ਵਿੱਚ ਧਰਨਾ ਲਗਾਈ ਬੈਠੇ ਹਨ | ਆਪਣੀਆਂ ਮੰਗਾਂ ਮਨਵਾਉਣ ਲਈ ਇਥੋਂ ਦੇ ਮਿਨੀ ਸਕੱਤਰੇਤ ਅੱਗੇ ਡਟੇ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਪ੍ਰਸ਼ਾਸਨ ਨੇ ਧਰਨੇ ਵਾਲੀ ਥਾਂ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਗਾਏ ਹਨ ਤਾਂ ਜੋ ਕਿਸਾਨਾਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਸਕੇ। ਹਰਿਆਣਾ ਸਰਕਾਰ ਨੇ ਪਹਿਲਾਂ ਵਾਂਗ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾ ਬੰਦ ਰੱਖੀ ਹੈ।
ਬਸਤਾੜਾ ਟੌਲ ’ਤੇ ਕਿਸਾਨਾਂ ਦਾ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਆਈਏਐੱਸ ਆਯੂਸ਼ ਸਿਨਹਾ ਨੂੰ ਬਰਖਾਸਤ ਕਰਨ ਦੀ ਕਿਸਾਨ ਮੰਗ ਕਰ ਰਹੇ ਹਨ। ਇਸ ਦੌਰਾਨ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ 11 ਸਤੰਬਰ ਨੂੰ ਮੁੜ ਮਹਾ ਪੰਚਾਇਤ ਕਰਨ ਦਾ ਫੈਸਲਾ ਲਿਆ ਹੈ। ਮਹਾ ਪੰਚਾਇਤ ’ਚ ਅੰਦੋਲਨ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਪ੍ਰਸ਼ਾਸਨ ਨਾਲ ਅਜੇ ਵੀ ਗੱਲਬਾਤ ਲਈ ਤਿਆਰ ਹੈ ਪਰ ਜੇਕਰ ਪ੍ਰਸ਼ਾਸਨ ਨੇ ਐੱਸਡੀਐੱਮ ਨੂੰ ਸਸਪੈਂਡ ਨਹੀਂ ਕੀਤਾ ਤਾਂ 11 ਸਤੰਬਰ ਨੂੰ ਇਥੇ ਹੀ ਮਹਾ ਪੰਚਾਇਤ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਕਿਸਾਨ ਆਗੂਆਂ ਅਤੇ ਅਫ਼ਸਰਾਂ ਵਿਚਕਾਰ ਸਵਾ ਤਿੰਨ ਘੰਟੇ ਤੱਕ ਹੋਈ ਗੱਲਬਾਤ ਬੇਸਿੱਟਾ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਦੇ ਤਰਜਮਾਨ ਰਾਕੇਸ਼ ਟਿਕੈਤ ਬੁੱਧਵਾਰ ਰਾਤ ਹੀ ਨੋਇਡਾ ਲਈ ਰਵਾਨਾ ਹੋ ਗਏ। ਹੁਣ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ’ਚ ਹੀ ਧਰਨਾ ਜਾਰੀ ਹੈ। ਚੜੂਨੀ ਨੇ ਕਣਕ ਦੀ ਐੱਮਐੱਸਪੀ ਵਿੱਚ 40 ਰੁਪਏ ਦੇ ਵਾਧੇ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਰਫ 2 ਫ਼ੀਸਦੀ ਵਾਧਾ ਕੀਤਾ ਹੈ ਜਦਕਿ ਮਹਿੰਗਾਈ ਦਰ 7 ਤੋਂ 8 ਫ਼ੀਸਦ ਦੀ ਦਰ ਨਾਲ ਵਧ ਰਹੀ ਹੈ।
ਕਿਸਾਨ ਆਗੂ ਬਲਰਾਮ ਸਿਰਸਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਦੀ, ਉਦੋਂ ਤੱਕ ਅਜਿਹੇ ਵਾਧਿਆਂ ਦਾ ਕੋਈ ਮਤਲਬ ਨਹੀਂ ਹੈ। ਉਧਰ ਆਮ ਲੋਕਾਂ ਦੇ ਕੰਮਾਂ ਲਈ ਸਕੱਤਰੇਤ ਦੇ ਸਾਰੇ ਦਫ਼ਤਰ ਅੱਜ ਖੋਲ੍ਹੇ ਗਏ। ਐਂਟਰੀ ਲਈ ਵਕੀਲਾਂ ਦੇ ਚੈਂਬਰ ਵਾਲਾ ਰਸਤਾ ਖੋਲ੍ਹਿਆ ਗਿਆ। ਕਿਸਾਨਾਂ ਨੇ ਆਪਣੇ ਧਰਨੇ ਨੂੰ ਸੜਕ ਦੀ ਇੱਕ ਲੇਨ ਵਿੱਚ ਸ਼ਿਫਟ ਕਰ ਲਿਆ ਹੈ ਜਦਕਿ ਦੂਜੀ ਲੇਨ ਆਉਣ-ਜਾਣ ਲਈ ਖੋਲ੍ਹ ਦਿੱਤੀ ਗਈ ਹੈ।
ਇਸ ਦੌਰਾਨ ਕਰਨਾਲ ਰੇਂਜ ਦੀ ਆਈਜੀ ਮਮਤਾ ਸਿੰਘ ਨੇ ਕਾਨੂੰਨ-ਵਿਵਸਥਾ ਦਾ ਜਾਇਜ਼ਾ ਲੈਣ ਲਈ ਸ਼ਹਿਰ ਦਾ ਦੌਰਾ ਕੀਤਾ ਅਤੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਤਾਇਨਾਤ ਸੁਰੱਖਿਆ ਬਲਾਂ ਨਾਲ ਗੱਲਬਾਤ ਕੀਤੀ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਦੀ ਡਿਊਟੀ ਤਿੰਨ ਸ਼ਿਫਟਾਂ ਵਿੱਚ ਵੰਡ ਦਿੱਤੀ ਗਈ ਹੈ। ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਲਈ 40 ਕੰਪਨੀਆਂ ਨੂੰ ਬੁਲਾਇਆ ਗਿਆ ਹੈ। ਮੇਵਾਤ, ਭਿਵਾਨੀ, ਰੇਲਵੇ ਅੰਬਾਲਾ, ਕੈਥਲ ਅਤੇ ਪਾਨੀਪਤ ਦੇ ਐੱਸਪੀ ਸਣੇ 25 ਡੀਐੱਸਪੀ, 40 ਇੰਸਪੈਕਟਰ ਤਾਇਨਾਤ ਕੀਤੇ ਗਏ ਹਨ। ਕਰਨਾਲ, ਗੁਰੂਗ੍ਰਾਮ, ਰੋਹਤਕ, ਹਿਸਾਰ, ਰੇਵਾੜੀ ਰੇਂਜ ਦੀ ਫੋਰਸ ਜ਼ਿਲ੍ਹੇ ਵਿੱਚ ਲੱਗੀ ਹੋਈ ਹੈ।