ਪੰਜਾਬ ਦੇ ਸਿਆਸਤਦਾਨ ਅਤੇ ਸਾਬਕਾ ਕਾਂਗਰਸੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਜਾਣਕਾਰੀ ਮੁਤਾਬਕ 21 ਦਸੰਬਰ ਨੂੰ ਭਾਜਪਾ ‘ਚ ਸ਼ਾਮਲ ਹੋਏ ਸੋਢੀ ਨੂੰ ਦਿੱਲੀ ਅਤੇ ਪੰਜਾਬ ਦੋਵਾਂ ‘ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।
ਗੁਰੂਹਰ ਸਰਾਏ ਤੋਂ ਪਿਛਲੀ ਵਿਧਾਨ ਸਭਾ ਚੋਣ ਜਿੱਤਣ ਵਾਲੇ ਚਾਰ ਵਾਰ ਵਿਧਾਇਕ ਰਹੇ ਸੋਢੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ। ਉਹ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਕਾਂਗਰਸ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਬੋਧਿਤ ਆਪਣਾ ਅਸਤੀਫਾ ਪੱਤਰ ਪੋਸਟ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ‘ਤੇ ਸੋਢੀ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ ਅਤੇ ਜਦੋਂ ਵੀ ਉਹ ਪੰਜਾਬ ਅਤੇ ਦਿੱਲੀ ਦੀ ਯਾਤਰਾ ਕਰਨਗੇ ਤਾਂ ਉਨ੍ਹਾਂ ਕੋਲ ਸੀ.ਆਰ.ਪੀ.ਐੱਫ. ਕਮਾਂਡੋਜ਼ ਦਾ ਹਥਿਆਰਬੰਦ ਕਵਰ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਇਸ ਘੇਰੇ ਵਿੱਚ ਸੋਢੀ ਦੇ ਨਾਲ 6-8 ਕਮਾਂਡੋਜ਼ ਦੀ ਟੁਕੜੀ ਵੀ ਸ਼ਾਮਲ ਹੋਵੇਗੀ।