ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਯਮੁਨਾਨਗਰ ਵਿਚ ਸਮਾਗਮ ’ਚ ਦੁਪਹਿਰ ਸਮੇਂ ਪਹੁੰਚਣਾ ਸੀ ਪਰ ਅਚਾਨਕ ਮੁੱਖ ਮੰਤਰੀ ਦਾ ਦੌਰਾ ਰੱਦ ਕਰ ਦਿੱਤਾ ਗਿਆ। ਸਰਕਾਰ ਤੌਰ ’ਤੇ ਇਸ ਦੀ ਵਜ੍ਹਾ ਖ਼ਰਾਬ ਮੌਸਮ ਦੱਸਿਆ ਗਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਸੀ ਤੇ ਵੱਡੀ ਗਿਣਤੀ ਕਿਸਾਨ ਯਮੁਨਾਨਗਰ ਪੁੱਜ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਯਮੁਨਾਨਗਰ ਵਿੱਚ ਸਾਬਕਾ ਮੰਤਰੀ ਮਰਹੂਮ ਡਾ. ਕਮਲਾ ਵਰਮਾ ਦੀ ਮੌਤ ’ਤੇ ਦੁੱਖ ਸਾਂਝਾ ਕਰਨ ਜਾਣਾ ਸੀ। ਇਸ ਦੀ ਜਾਣਕਾਰੀ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਨੇ ਲੰਘੀ ਰਾਤ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਸੀ। ਅੱਜ ਸਵੇਰੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਯਮੁਨਾਨਗਰ ਪਹੁੰਚਣੇ ਸ਼ੁਰੂ ਹੋ ਗਏ ਸਨ। ਆਖ਼ੀਰ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਦਾ ਰੱਦ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਦੇ ਸੰਜੂ ਗੁਦੀਆਣਾ ਨੇ ਕਿਹਾ ਕਿ ਸੂਬੇ ਵਿੱਚ ਹਰ ਥਾਂ ’ਤੇ ਭਾਜਪਾ ਤੇ ਜੇਜੇਪੀ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਯਮੁਨਾਨਗਰ ਵਿੱਚ ਮੁੱਖ ਮੰਤਰੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਦੌਰਾ ਰੱਦ ਕਰਨ ਨਾਲ ਕਿਸਾਨੀ ਦੀ ਜਿੱਤ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 16 ਜੁਲਾਈ ਨੂੰ ਯਮੁਨਾਨਗਰ ਵਿੱਚ ਖੇਡ ਮੰਤਰੀ ਸੰਦੀਪ ਸਿੰਘ ਦਾ ਸਮਾਗਮ ਹੈ, ਉਨ੍ਹਾਂ ਦਾ ਵੀ ਕਿਸਾਨ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਇਹ ਵਿਰੋਧ ਜਾਰੀ ਰਹੇਗਾ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਅਤੇ ਜੇਜੇਪੀ ਆਗੂਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ।