ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਕਾਂਗਰਸੀ ਸੰਸਦ ਮੈਂਬਰ ਵੱਲੋਂ ਕੀਤੀ ਗਈ ਟਿੱਪਣੀ ਤੋਂ ਭਾਰਤੀ ਜਨਤਾ ਪਾਰਟੀ ਭੜਕ ਗਈ ਹੈ। ਅੱਜ ਚੰਡੀਗੜ੍ਹ ਭਾਜਪਾ ਨੇ ਸੈਕਟਰ-33 ਵਿੱਚ ਕਾਂਗਰਸੀ ਸੰਸਦ ਮੈਂਬਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਵੱਲੋਂ ਸੈਕਟਰ-33 ਤੋਂ ਸੈਕਟਰ-35 ਸਥਿਤ ਕਾਂਗਰਸ ਭਵਨ ਦਾ ਘਿਰਾਓ ਕਰਨ ਲਈ ਰੋਸ ਮਾਰਚ ਸ਼ੁਰੂ ਕੀਤਾ ਗਿਆ ਤਾਂ ਸੈਕਟਰ 34 ਵਿੱਚ ਪੁਲੀਸ ਨੇ ਭਾਜਪਾ ਕਾਰਕੁਨਾਂ ਨੂੰ ਰੋਕ ਦਿੱਤਾ।
ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਭੱਟੀ, ਮੇਅਰ ਸਰਬਜੀਤ ਕੌਰ, ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ, ਸਾਬਕਾ ਮੇਅਰ ਆਸ਼ਾ ਜੈਸਵਾਲ ਤੇ ਰਵੀਕਾਂਤ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ ਨੇ ਕਾਂਗਰਸੀ ਸੰਸਦ ਮੈਂਬਰ ਵੱਲੋਂ ਦੇਸ਼ ਦੀ ਰਾਸ਼ਟਰਪਤੀ ਨੂੰ ‘ਰਾਸ਼ਟਰਪਤਨੀ’ ਕਹਿਣ ਦੇ ਬਿਆਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਦੇਸ਼ ਦੇ ਸਭ ਤੋਂ ਉੱਚੇ ਸਿਆਸੀ ਅਹੁਦੇ ’ਤੇ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਮਹਿਲਾ ਦੀ ਨਿਯੁਕਤੀ ਰਾਸ ਨਹੀਂ ਆ ਰਹੀ।
ਦੂਜੇ ਪਾਸੇ
ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਵੱਲੋਂ ਸੰਸਦ ਵਿੱਚ ਕੀਤੀ ਗਈ ਟਿੱਪਣੀ ਦਾ ਚੰਡੀਗੜ੍ਹ ਕਾਂਗਰਸ ਨੇ ਵਿਰੋਧ ਕੀਤਾ ਹੈ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨਾਂ ਨੇ ਅੱਜ ਸ੍ਰੀਮਤੀ ਇਰਾਨੀ ਖ਼ਿਲਾਫ਼ ਧਰਨਾ ਦਿੱਤਾ। ਸ੍ਰੀ ਲੱਕੀ ਨੇ ਸਮ੍ਰਿਤੀ ਇਰਾਨੀ ਦੇ ਕਥਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਕ ਔਰਤ ਵੱਲੋਂ ਦੂਜੀ ਔਰਤ ਪ੍ਰਤੀ ਅਜਿਹੀ ਭਾਵਨਾ ਰੱਖਣੀ ਮੰਦਭਾਗੀ ਹੈ,
ਕਾਂਗਰਸ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਨੇ ਭਾਜਪਾ ਵੱਲੋਂ ਕਾਂਗਰਸੀ ਸੰਸਦ ਅਧੀਰ ਰੰਜਨ ਚੌਧਰੀ ਦੀ ਵਿਰੋਧਤਾ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚੌਧਰੀ ਨੂੰ ਹਿੰਦੀ ਭਾਸ਼ਾ ਘੱਟ ਆਉਣ ਕਰਕੇ ਉਹ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਅਹੁਦੇ ਦਾ ਨਾਮ ਗਲਤ ਬੋਲ ਗਏ ਜਦੋਂ ਕਿ ਸ੍ਰੀ ਚੌਧਰੀ ਨੇ ਆਪਣੀ ਗਲਤੀ ਲਈ ਤੁਰੰਤ ਮੁਆਫੀ ਵੀ ਮੰਗ ਲਈ ਸੀ।
ਭਾਜਪਾ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਈਡੀ ਰਾਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹੁਣ ਭਾਜਪਾ ਦੀ ਸੰਸਦ ਮੈਂਬਰ ਦਾ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਖ਼ਿਲਾਫ਼ ਰਵੱਈਆ ਸਭ ਕੁਝ ਜੱਗ ਜਾਹਿਰ ਕਰਦਾ ਹੈ