ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 13ਵਾਂ ਦਿਨ ਹੈ। ਦੋ ਵਾਰ ਮੁਲਾਕਾਤ ਤੋਂ ਬਾਅਦ ਸੋਮਵਾਰ ਨੂੰ ਫਿਰ ਦੋਵਾਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਹੋਈ ਪਰ ਨਤੀਜਾ ਫਿਰ ਕੋਈ ਨਹੀਂ ਨਿਕਲਿਆ। ਜੰਗ ਦੇ ਵਿਚਕਾਰ, ਜਿੱਥੇ ਭਾਰਤ ਯੂਕਰੇਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਲੱਗਾ ਹੋਇਆ ਹੈ। ਉਥੇ ਹੀ ਭਾਰਤ ਦੇ ਇਕ ਵਿਦਿਆਰਥੀ ਨੇ ਯੂਕਰੇਨ ਦੀ ਫੌਜ ਵਿਚ ਸ਼ਾਮਲ ਹੋ ਕੇ ਇਕ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ। ਇਹ ਵਿਦਿਆਰਥੀ ਤਾਮਿਲਨਾਡੂ ਦੇ ਕੋਇੰਬਟੂਰ ਦਾ ਵਸਨੀਕ ਹੈ ਜਿਸਦਾ ਨਾਂ ਸੈਨਿਕੇਸ਼ ਰਵੀਚੰਦਰਨ ਹੈ ਜੋ ਕਿ ਯੂਕਰੇਨ ਦੀ ਫੌਜ ‘ਚ ਭਰਤੀ ਹੋ ਗਿਆ ਹੈ। ਸੈਨਿਕੇਸ਼ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਪਹਿਲਾਂ ਹੀ ਫੌਜ ‘ਚ ਭਰਤੀ ਹੋਣਾ ਚਾਹੁੰਦਾ ਸੀ। ਉਸ ਨੇ ਭਾਰਤੀ ਫੌਜ ਵਿਚ ਭਰਤੀ ਹੋਣ ਲਈ ਅਰਜ਼ੀ ਵੀ ਦਿੱਤੀ ਸੀ ਪਰ ਉਸ ਦੀ ਅਰਜ਼ੀ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਸੀ।
ਦੱਸ ਦੇਈਏ ਕਿ ਸੈਨਿਕੇਸ਼ 2018 ਵਿਚ ਪੜ੍ਹਾਈ ਲਈ ਯੂਕ੍ਰੇਨ ਗਿਆ ਸੀ। ਉਹ ਖਾਰਕੀਵ ਵਿਚ ਨੈਸ਼ਨਲ ਏਰੋਸਪੇਸ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਸੀ। ਉਸ ਦੀ ਪੜ੍ਹਾਈ ਜੁਲਾਈ 2022 ‘ਚ ਪੂਰੀ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ ਸੀ।